ਅਹਿਮਦਾਬਾਦ, 23 ਜਨਵਰੀ 2026: Ahmedabad plane Crash case: 12 ਜੂਨ 2025 ਨੂੰ ਅਹਿਮਦਾਬਾਦ ‘ਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਬੋਇੰਗ 787 ਜਹਾਜ਼ ‘ਚ ਕਈ ਗੰਭੀਰ ਤਕਨੀਕੀ ਸਮੱਸਿਆਵਾਂ ਸਨ। ਜਹਾਜ਼ ਨੂੰ ਚਾਰ ਸਾਲ ਪਹਿਲਾਂ ਵੀ ਅੱਗ ਲੱਗ ਗਈ ਸੀ।
ਅਮਰੀਕਾ ਸਥਿਤ ਫਾਊਂਡੇਸ਼ਨ ਫਾਰ ਏਵੀਏਸ਼ਨ ਸੇਫਟੀ (FAS) ਨੇ ਦਾਅਵਾ ਕੀਤਾ ਹੈ ਕਿ ਜਹਾਜ਼ ‘ਚ ਬਿਜਲੀ ਪ੍ਰਣਾਲੀ ਦੀ ਅਸਫਲਤਾ ਕਾਰਨ ਇੱਕ ਤੋਂ ਬਾਅਦ ਇੱਕ ਕਈ ਸਿਸਟਮ ਬੰਦ ਹੋ ਗਏ ਸਨ। ਇਹ ਹਾਦਸੇ ਦਾ ਕਾਰਨ ਹੋ ਸਕਦਾ ਹੈ। ਜਹਾਜ਼ ਟੇਕਆਫ ਤੋਂ ਕੁਝ ਸਕਿੰਟਾਂ ਬਾਅਦ ਹੀ ਅਹਿਮਦਾਬਾਦ ਦੇ ਇੱਕ ਰਿਹਾਇਸ਼ੀ ਖੇਤਰ ‘ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 270 ਜਣਿਆਂ ਦੀ ਮੌਤ ਹੋ ਗਈ, ਜਿਸ ‘ਚੋਂ ਸਿਰਫ਼ ਇੱਕ ਬਚਿਆ।
FAS ਦੇ ਮੁਤਾਬਕ ਇਹ ਬੋਇੰਗ 787 ਜਹਾਜ਼ 2014 ਤੋਂ ਵਰਤੋਂ ਵਿੱਚ ਸੀ। ਵ੍ਹਿਸਲਬਲੋਅਰ ਦਸਤਾਵੇਜ਼ਾਂ ਦੇ ਆਧਾਰ ‘ਤੇ, ਸੰਗਠਨ ਦਾ ਦਾਅਵਾ ਹੈ ਕਿ ਜਹਾਜ਼ ਨੂੰ ਆਪਣੀ ਸ਼ੁਰੂਆਤ ਤੋਂ ਹੀ ਵਾਰ-ਵਾਰ ਤਕਨੀਕੀ ਅਤੇ ਸਿਸਟਮ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਹਾਜ਼ ਨੂੰ 2022 ‘ਚ ਇੱਕ ਉਡਾਣ ਦੌਰਾਨ ਅੱਗ ਵੀ ਲੱਗ ਗਈ ਸੀ, ਜਿਸ ਨਾਲ ਜਹਾਜ਼ ਦੇ ਅੰਦਰੂਨੀ ਸਿਸਟਮ ਨੂੰ ਨੁਕਸਾਨ ਪਹੁੰਚਿਆ ਹੋ ਸਕਦਾ ਹੈ। FAS ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ।
FAS ਦਾ ਮੁੱਢਲਾ ਦਾਅਵਾ ਹੈ ਕਿ ਇੱਕ ਬਿਜਲੀ ਦੀ ਅਸਫਲਤਾ ਹਾਦਸੇ ਦਾ ਕਾਰਨ ਹੋ ਸਕਦੀ ਹੈ। ਸੰਗਠਨ ਦੇ ਮੁਤਾਬਕ ਆਧੁਨਿਕ ਜਹਾਜ਼ਾਂ ‘ਚ ਜ਼ਿਆਦਾਤਰ ਸਿਸਟਮ ਬਿਜਲੀ ਅਤੇ ਸੌਫਟਵੇਅਰ ਦੁਆਰਾ ਆਪਸ ‘ਚ ਜੁੜੇ ਹੋਏ ਹਨ। ਇਸ ਲਈ, ਇੱਕ ਬਿਜਲੀ ਦੀ ਅਸਫਲਤਾ ਕਾਰਨ ਇੱਕੋ ਸਮੇਂ ਕਈ ਸਿਸਟਮ ਬੰਦ ਹੋ ਸਕਦੇ ਹਨ।
FAS ਨੇ ਕਿਹਾ ਕਿ ਜਹਾਜ਼ ਦੀ ਤਕਨੀਕੀ ਸਥਿਤੀ ਅਤੇ ਕਾਕਪਿਟ ਵੌਇਸ ਰਿਕਾਰਡਿੰਗਾਂ ਸੰਬੰਧੀ ਪੂਰਾ ਡੇਟਾ ਅਜੇ ਤੱਕ ਜਨਤਾ ਨੂੰ ਜਾਰੀ ਨਹੀਂ ਕੀਤਾ ਗਿਆ ਹੈ। ਇਹਨਾਂ ਡੇਟਾ ਤੋਂ ਬਿਨਾਂ, ਇਹ ਸਪੱਸ਼ਟ ਨਹੀਂ ਹੈ ਕਿ ਸਿਸਟਮ ਕਿਸ ਕ੍ਰਮ ‘ਚ ਅਸਫਲ ਹੋਏ।
FAS ਨੇ ਕਿਹਾ ਕਿ ਇਹ ਸਮੱਸਿਆ ਭਾਰਤ ਤੱਕ ਸੀਮਿਤ ਨਹੀਂ ਹੈ। ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ‘ਚ ਉਡਾਣ ਭਰਨ ਵਾਲੇ ਹੋਰ ਬੋਇੰਗ 787 ਜਹਾਜ਼ਾਂ ‘ਤੇ ਲਗਭੱਗ 2,000 ਅਸਫਲਤਾ ਦੀਆਂ ਸ਼ਿਕਾਇਤਾਂ ਰਿਪੋਰਟ ਕੀਤੀਆਂ ਗਈਆਂ ਹਨ। ਇਹ ਪੂਰੇ 787 ਫਲੀਟ ਲਈ ਇੱਕ ਗੰਭੀਰ ਸੁਰੱਖਿਆ ਮੁੱਦਾ ਪੈਦਾ ਕਰਦਾ ਹੈ।
ਅਹਿਮਦਾਬਾਦ ਜਹਾਜ਼ ਹਾਦਸੇ ਅਤੇ ਖੇਤਰੀ ਹਵਾਈ ਖੇਤਰ ਦੇ ਬੰਦ ਹੋਣ ਨਾਲ ਏਅਰ ਇੰਡੀਆ ਦੀ ਕਮਾਈ ‘ਤੇ ਅਸਰ ਪਿਆ ਹੈ। ਅੰਦਾਜ਼ਾ ਲਗਾਇਆ ਹੈ ਕਿ ਕੰਪਨੀ ਨੂੰ ਮੌਜੂਦਾ ਵਿੱਤੀ ਸਾਲ ‘ਚ ₹15,000 ਕਰੋੜ ਤੋਂ ਵੱਧ ਦਾ ਰਿਕਾਰਡ ਨੁਕਸਾਨ ਹੋ ਸਕਦਾ ਹੈ। ਪਾਕਿਸਤਾਨ ਵੱਲੋਂ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰਨ ਨਾਲ ਯੂਰਪ ਅਤੇ ਅਮਰੀਕਾ ਲਈ ਉਡਾਣਾਂ ਦੀ ਲਾਗਤ ਵੀ ਵਧ ਗਈ ਹੈ।
Read More: Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ‘ਚ ਇਕਲੌਤੇ ਬਚੇ ਯਾਤਰੀ ਨੇ ਦੱਸੀ ਅੱਖੀਂ ਦੇਖੀ ਘਟਨਾ




