ਅਹਿਮਦਾਬਾਦ, 12 ਜੁਲਾਈ 2025: Ahmedabad plane crash: ਏਅਰ ਇੰਡੀਆ ਫਲਾਈਟ AI-171 ਹਾਦਸੇ ਸਬੰਧੀ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਪਹਿਲੀ ਰਿਪੋਰਟ ਸਾਹਮਣੇ ਆਈ ਹੈ, ਜੋ ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਈ ਸੀ। ਇਸ ਭਿਆਨਕ ਹਾਦਸੇ ‘ਚ ਘੱਟੋ-ਘੱਟ 274 ਜਣਿਆਂ ਦੀ ਮੌਤ ਹੋ ਗਈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਹਾਜ਼ ਦੇ ਦੋਵਾਂ ਇੰਜਣਾਂ ਨੂੰ ਫਿਊਲ ਸਪਲਾਈ ਕਰਨ ਵਾਲੇ ਸਵਿੱਚ ਅਚਾਨਕ ਬੰਦ ਹੋ ਗਏ ਅਤੇ ਇਸ ਤੋਂ ਬਾਅਦ ਪਾਇਲਟਾਂ ‘ਚ ਭੰਬਲਭੂਸਾ ਪੈਦਾ ਹੋ ਗਿਆ। ਹਾਲਾਂਕਿ, ਜਾਂਚ ਏਜੰਸੀ ਨੇ ਇਸ ਹਾਦਸੇ ‘ਚ ਤੋੜ-ਫੋੜ ਜਾਂ ਪੰਛੀਆਂ ਦੇ ਟਕਰਾਉਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ।
ਸ਼ੁਰੂਆਤੀ ਜਾਂਚ ਰਿਪੋਰਟ ਅਹਿਮਦਾਬਾਦ ਜਹਾਜ਼ ਹਾਦਸੇ (Ahmedabad plane crash) ਤੋਂ ਇੱਕ ਮਹੀਨੇ ਬਾਅਦ ਆਈ ਹੈ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ 12 ਜੁਲਾਈ ਨੂੰ 15 ਪੰਨਿਆਂ ਦੀ ਰਿਪੋਰਟ ਜਨਤਕ ਕੀਤੀ। ਸ਼ੁਰੂਆਤੀ ਜਾਂਚ ਮੁਤਾਬਕ ਇਹ ਹਵਾਈ ਹਾਦਸਾ ਜਹਾਜ਼ ਦੇ ਦੋਵੇਂ ਇੰਜਣ ਬੰਦ ਹੋਣ ਕਾਰਨ ਵਾਪਰਿਆ |
AAIB ਰਿਪੋਰਟ ‘ਚ ਕਾਕਪਿਟ ਵੌਇਸ ਰਿਕਾਰਡਰ ਦਾ ਵੀ ਹਵਾਲਾ ਦਿੱਤਾ ਗਿਆ ਹੈ। ਇਸ ‘ਚ, ਇੱਕ ਪਾਇਲਟ ਦੂਜੇ ਨੂੰ ਪੁੱਛਦਾ ਹੈ ਕਿ ਉਸਨੇ ਫਿਊਲ ਕਿਉਂ ਬੰਦ ਕਰ ਦਿੱਤਾ, ਜਿਸ ਦਾ ਦੂਜਾ ਜਵਾਬ ਦਿੰਦਾ ਹੈ ਕਿ ਉਸਨੇ ਅਜਿਹਾ ਨਹੀਂ ਕੀਤਾ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਬਾਲਣ ਸਪਲਾਈ ਕੱਟਣ ਤੋਂ ਤੁਰੰਤ ਬਾਅਦ ਇੰਜਣਾਂ ਦੀ ਗਤੀ ‘ਚ ਕਮੀ ਸ਼ੁਰੂ ਹੋ ਗਈ। ਇਸ ਤਕਨੀਕੀ ਨੁਕਸ ਨੂੰ ਹੁਣ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਰਿਪੋਰਟ ਦੇ ਮੁਤਾਬਕ ਹਾਦਸੇ ਤੋਂ ਪਹਿਲਾਂ ਜਹਾਜ਼ ‘ਚ ਪਾਇਆ ਗਿਆ ਫਿਊਲ ਵੀ ਮਿਆਰਾਂ ਦੇ ਪੂਰੀ ਤਰ੍ਹਾਂ ਅਨੁਕੂਲ ਪਾਇਆ ਗਿਆ। ਫਿਊਲ ਬਾਊਜ਼ਰ ਅਤੇ ਟੈਂਕਾਂ ਤੋਂ ਲਏ ਗਏ ਨਮੂਨਿਆਂ ਦੀ ਜਾਂਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਦੀ ਪ੍ਰਯੋਗਸ਼ਾਲਾ ‘ਚ ਕੀਤੀ ਗਈ ਅਤੇ ਸਾਰੇ ਨਮੂਨਿਆਂ ਦੀ ਜਾਂਚ ਤਸੱਲੀਬਖਸ਼ ਪਾਈ ਗਈ। ਇਸਦਾ ਮਤਲਬ ਹੈ ਕਿ ਫਿਊਲ ਦੀ ਗੁਣਵੱਤਾ ‘ਚ ਕੋਈ ਨੁਕਸ ਨਹੀਂ ਸੀ।
ਰਿਪੋਰਟ ਦੇ ਮੁਤਾਬਕ ਹਾਦਸਾਗ੍ਰਸਤ ਜਹਾਜ਼ ‘ਚ ਦੋਵਾਂ ਇੰਜਣਾਂ ਦੇ ਫਿਊਲ ਸਵਿੱਚ ਬੰਦ ਸਨ, ਜਿਸ ਤੋਂ ਬਾਅਦ ਪਾਇਲਟਾਂ ਨੇ ਇਸਨੂੰ ਚਾਲੂ ਕੀਤਾ ਅਤੇ ਦੋਵੇਂ ਇੰਜਣਾਂ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਹਾਜ਼ ਬਹੁਤ ਘੱਟ ਉਚਾਈ ‘ਤੇ ਸੀ, ਇਸ ਲਈ ਇੰਜਣਾਂ ਨੂੰ ਸ਼ਕਤੀ ਪ੍ਰਾਪਤ ਕਰਨ ਦਾ ਸਮਾਂ ਨਹੀਂ ਮਿਲਿਆ ਅਤੇ ਜਹਾਜ਼ ਕਰੈਸ਼ ਹੋ ਗਿਆ। ਹਾਲਾਂਕਿ, ਇਹ ਖੁਲਾਸਾ ਨਹੀਂ ਹੋਇਆ ਹੈ ਕਿ ਫਿਊਲ ਸਵਿੱਚ ਕਿਵੇਂ ਬੰਦ ਹੋਏ |
Read More: ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੀ ਜਾਂਚ ਤੇਜ਼, ਹਵਾਬਾਜ਼ੀ ਮੰਤਰਾਲੇ ਨੂੰ ਸੌਂਪੀ ਰਿਪੋਰਟ