ਚੰਡੀਗੜ੍ਹ, 9 ਜਨਵਰੀ 2024: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ (Jaiveer Shergill) ਨੇ ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਭਾਜਪਾ ਮੀਡੀਆ ਵਰਕਸ਼ਾਪ ਨੂੰ ਸੰਬੋਧਨ ਕੀਤਾ। ਇਹ ਵਰਕਸ਼ਾਪ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫਤਰ ਵਿਖੇ ਆਯੋਜਿਤ ਕੀਤੀ ਗਈ ਸੀ। ਸ਼ੇਰਗਿੱਲ ਨੇ ਸੂਬੇ ਦੇ ਸਾਰੇ ਬੁਲਾਰਿਆਂ/ਪੈਨਲਿਸਟਾਂ ਲਈ ਇੱਕ ਵਰਕਸ਼ਾਪ ਦਾ ਸੰਚਾਲਨ ਕੀਤਾ, ਜਿਸ ਵਿੱਚ ਆਉਣ ਵਾਲੀਆਂ ਆਮ ਚੋਣਾਂ ਲਈ ਮੀਡੀਆ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਸ਼ੇਰਗਿੱਲ (Jaiveer Shergill) ਨੇ ਕਿਹਾ ਕਿ ਮੀਡੀਆ ਵਰਕਸ਼ਾਪ ਦੌਰਾਨ ਹੋਈ ਗੱਲਬਾਤ ਬਹੁਤ ਵਧੀਆ ਅਤੇ ਲਾਹੇਵੰਦ ਰਹੀ। ਵਰਕਸ਼ਾਪ ਦੌਰਾਨ ਭਾਜਪਾ ਦੇ ਸੀਨੀਅਰ ਆਗੂ, ਜਿਨ੍ਹਾਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਜਨਰਲ ਸਕੱਤਰ (ਸੰਗਠਨ) ਮੰਥਰੀ ਸ੍ਰੀਨਿਵਾਸੁਲੁ ਅਤੇ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਭਾਜਪਾ ਸੋਸ਼ਲ ਮੀਡੀਆ, ਟੀਵੀ ਤੇ ਬਹਿਸਾਂ ਅਤੇ ਬੁਲਾਰੇ ਦੇ ਆਚਰਣ ਤੋਂ ਲੈ ਕੇ ਵੱਖ-ਵੱਖ ਵਿਸ਼ਿਆਂ ਨੂੰ ਕਵਰ ਕਰਨ ਲਈ ਇਕ ਪੂਰੇ ਦਿਨ ਦੀ ਮੀਡੀਆ ਵਰਕਸ਼ਾਪ ਦਾ ਆਯੋਜਨ ਕਰ ਰਹੀ ਹੈ।