ਚੰਡੀਗੜ੍ਹ, 26 ਜਨਵਰੀ 2023: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2023-24 (Union Budget 2023-24) ਤੋਂ ਪਹਿਲਾਂ ਵਿੱਤ ਮੰਤਰਾਲੇ ਵਿੱਚ ਆਯੋਜਿਤ ‘ਹਲਵਾ ਸਮਾਗਮ’ ਵਿੱਚ ਹਿੱਸਾ ਲਿਆ। ਕੇਂਦਰੀ ਬਜਟ 2023-24 ਨਾਲ ਸਬੰਧਤ ਦਸਤਾਵੇਜ਼ਾਂ ਦੀ ਛਪਾਈ ਦੀ ਸ਼ੁਰੂਆਤ ਨੂੰ ਦਰਸਾਉਣ ਲਈ ‘ਹਲਵਾ ਸਮਾਗਮ’ ਆਯੋਜਿਤ ਕੀਤਾ ਜਾਂਦਾ ਹੈ। ਇਸ ਦੌਰਾਨ ਕੇਂਦਰੀ ਵਿੱਤ ਰਾਜ ਮੰਤਰੀ ਡਾ.ਭਗਵਤ ਕਿਸ਼ਨ ਰਾਓ ਕਰਾੜ, ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਕੀ ਹੈ ਹਲਵਾ ਸਮਾਗਮ ?
ਇੱਕ ਮਿੱਠੀ ਸ਼ੁਰੂਆਤ ਵਜੋਂ, ਹਲਵਾ ਸਮਾਗਮ ਇੱਕ ਰਵਾਇਤੀ ਪ੍ਰੀ-ਬਜਟ ਸਮਾਗਮ ਹੈ, ਜੋ ਕਿ ਬਜਟ ਦੀ ਛਪਾਈ ਤੋਂ ਪਹਿਲਾਂ ਮਨਾਇਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਬਜਟ ਬਣਾਉਣ ਦੀ ਲੰਬੀ ਪ੍ਰਕਿਰਿਆ ਦੀ ਸਮਾਪਤੀ ਤੋਂ ਬਾਅਦ ਮਠਿਆਈਆਂ ਖਾ ਕੇ ਬਜਟ ਦੀ ਛਪਾਈ ਨੂੰ ਰਸਮੀ ਤੌਰ ‘ਤੇ ਹਰੀ ਝੰਡੀ ਦੇ ਕੇ ਸ਼ੁਰੂਆਤ ਕੀਤੀ ਜਾਂਦੀ ਹੈ । ਸਮਾਗਮ ਵਿੱਤ ਮੰਤਰਾਲੇ ਦੇ ਉੱਤਰੀ ਬਲਾਕ ਦੇ ਬੇਸਮੈਂਟ ਵਿੱਚ ਹੁੰਦਾ ਹੈ, ਜਿੱਥੇ ਇੱਕ ਵਿਸ਼ੇਸ਼ ਪ੍ਰਿੰਟਿੰਗ ਪ੍ਰੈਸ ਹੈ।
ਇੱਕ ਪਰੰਪਰਾ ਅਨੁਸਾਰ ਸਮਾਗਮ ਹੁੰਦਾ ਹੈ |
ਦੱਸਿਆ ਜਾਂਦਾ ਹੈ ਕਿ ਸੰਸਦ ‘ਚ ਬਜਟ (Union Budget) ਪੇਸ਼ ਹੋਣ ਤੋਂ ਲਗਭਗ 10 ਦਿਨ ਪਹਿਲਾਂ ਬਜਟ ਨਾਲ ਸਬੰਧਤ ਵਿੱਤ ਮੰਤਰਾਲੇ ਦੇ ਅਧਿਕਾਰੀ ਅਤੇ ਕਰਮਚਾਰੀ ਨਾਰਥ ਬਲਾਕ ਦੀ ਬੇਸਮੈਂਟ ‘ਚ ਹੀ ਰਹਿੰਦੇ ਹਨ। ਜਿੱਥੇ ਪੂਰੀ ਗੁਪਤਤਾ ਰੱਖੀ ਜਾਂਦੀ ਹੈ। ਦਾਅਵਿਆਂ ਅਨੁਸਾਰ, ਮੰਤਰਾਲੇ ਦੇ ਅਧਿਕਾਰੀ ਅਤੇ ਕਰਮਚਾਰੀ ਇੰਟੈਲੀਜੈਂਸ ਬਿਊਰੋ ਦੀ 24 ਘੰਟੇ ਨਿਗਰਾਨੀ ਹੇਠ ਹਨ, ਉਨ੍ਹਾਂ ਨੂੰ ਆਪਣੇ ਨਜ਼ਦੀਕੀਆਂ ਨਾਲ ਸੰਪਰਕ ਕਰਨ ਦੀ ਵੀ ਆਗਿਆ ਨਹੀਂ ਹੈ। ਇੱਥੋਂ ਤੱਕ ਕਿ ਉਨ੍ਹਾਂ ਨੂੰ ਫ਼ੋਨ ਕਾਲ ਕਰਨ ਦੀ ਵੀ ਇਜਾਜ਼ਤ ਨਹੀਂ ਹੈ। ਸੀਸੀਟੀਵੀ ਅਤੇ ਜੈਮਰਾਂ ਦਾ ਮਜ਼ਬੂਤ ਨੈੱਟਵਰਕ ਉਨ੍ਹਾਂ ਨੂੰ ਬਾਹਰੀ ਸੰਪਰਕ ਤੋਂ ਕੱਟਦਾ ਹੈ।
ਕਿਹਾ ਜਾਂਦਾ ਹੈ ਕਿ 1950 ਤੱਕ ਬਜਟ ਦਸਤਾਵੇਜ਼ ਰਾਸ਼ਟਰਪਤੀ ਭਵਨ ਵਿੱਚ ਛਪਦਾ ਸੀ ਪਰ ਉਸੇ ਸਾਲ ਲੀਕ ਹੋਣ ਤੋਂ ਬਾਅਦ ਇਸ ਨੂੰ ਮਿੰਟੋ ਰੋਡ ਅਤੇ ਬਾਅਦ ਵਿੱਚ ਨਾਰਥ ਬਲਾਕ ਦੀ ਬੇਸਮੈਂਟ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਪ੍ਰਿੰਟਿੰਗ ਪ੍ਰੈਸ ਵਿੱਚ ਬਜਟ ਦੀ ਛਪਾਈ ਪੱਕੇ ਤੌਰ ’ਤੇ ਸ਼ੁਰੂ ਹੋ ਗਈ।
ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ
ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਇਸ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸੈਸ਼ਨ ਦੀਆਂ 27 ਬੈਠਕਾਂ ਹੋਣਗੀਆਂ ਅਤੇ ਬਜਟ ਕਾਗਜ਼ਾਂ ਦੀ ਪੜਤਾਲ ਲਈ ਇੱਕ ਮਹੀਨੇ ਦੇ ਬ੍ਰੇਕ ਨਾਲ 6 ਅਪ੍ਰੈਲ ਤੱਕ ਚੱਲੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਕੇਂਦਰੀ ਬਜਟ 2023-24 ਪੇਸ਼ ਕਰੇਗੀ।