AGTF

ਪੰਜਾਬ ਪੁਲਿਸ ਦੀ AGTF ਨੇ ਜ਼ੀਰਕਪੁਰ ਤੋਂ ਫਿਲੌਰ ਗੋਲੀਕਾਂਡ ਦੇ ਮੁੱਖ ਮੁਲਜ਼ਮ ਨੂੰ ਕੀਤਾ ਕਾਬੂ

ਚੰਡੀਗੜ੍ਹ, 14 ਜਨਵਰੀ 2023: ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਅੱਜ ਜ਼ੀਰਕਪੁਰ ਵਿਖੇ ਸੰਖੇਪ ਮੁਕਾਬਲੇ ਤੋਂ ਬਾਅਦ ਫਿਲੌਰ ਗੋਲੀਕਾਂਡ ਦੇ ਮੁੱਖ ਦੋਸ਼ੀ ਯੁਵਰਾਜ ਸਿੰਘ ਉਰਫ ਜੋਰਾ ਨੂੰ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦਾ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਫਿਲੌਰ ਵਿਖੇ ਡਿਊਟੀ ਦੌਰਾਨ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਿਆ ਸੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਦੋਸ਼ੀ ਯੁਵਰਾਜ ਸਿੰਘ ਉਰਫ ਜੋਰਾ ਰਮਜਾਨ ਮਲਿਕ ਵਜੋਂ ਜਾਅਲੀ ਪਛਾਣ ‘ਤੇ ਜ਼ੀਰਕਪੁਰ ਦੇ ਢਕੋਲੀ ਵਿਖੇ ਹੋਟਲ ਐਲਪਸ ਵਿਖੇ ਰਹਿ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਇਸ ਬਾਰੇ ਇਤਲਾਹ ਮਿਲਣ ‘ਤੇ ਕਾਰਵਾਈ ਕਰਦਿਆਂ ਏ.ਆਈ.ਜੀ. ਸੰਦੀਪ ਗੋਇਲ ਅਤੇ ਡੀ.ਐਸ.ਪੀ. ਬਿਕਰਮ ਬਰਾੜ ਦੀ ਅਗਵਾਈ ਵਿੱਚ ਏ.ਜੀ.ਟੀ.ਐਫ. ਦੀ ਟੀਮ ਨੇ ਹੋਟਲ ਐਲਪਸ ਨੂੰ ਘੇਰਾ ਪਾ ਲਿਆ ਅਤੇ ਹੋਟਲ ਦੇ ਮੈਨੇਜਰ ਤੋਂ ਹੋਟਲ ਦੇ ਕਮਰਾ ਨੰਬਰ 105 ਵਿੱਚ ਮੁਲਜ਼ਮ ਜੋਰਾ ਦੇ ਹੋਣ ਦੀ ਪੁਸ਼ਟੀ ਕੀਤੀ। ਪੁਸ਼ਟੀ ਤੋਂ ਬਾਅਦ ਏ.ਜੀ.ਟੀ.ਐਫ. (AGTF) ਦੀ ਟੀਮ ਨੇ ਦੋਸ਼ੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਜੋਰੇ ਨੇ ਏ.ਜੀ.ਟੀ.ਐਫ. ਟੀਮ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਕੁਝ ਸਮੇਂ ਦੀ ਗੋਲੀਬਾਰੀ ਤੋਂ ਬਾਅਦ, ਏ.ਜੀ.ਟੀ.ਐਫ. ਦੀ ਟੀਮ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮੁਕਾਬਲੇ ਦੌਰਾਨ ਜੋਰੇ ਨੂੰ ਗੋਲੀ ਲੱਗਣ ਕਰਕੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿੱਚੋਂ ਦੋ .32 ਬੋਰ ਦੇ ਪਿਸਤੌਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਜੱਦੀ ਪਿੰਡ ਵਿਖੇ ਉਨ੍ਹਾਂ ਦੇ ਘਰ ਜਾ ਕੇ ਦੇਸ਼ ਲਈ ਇਸ ਮਹਾਨ ਕੁਰਬਾਨੀ ਦੇ ਸਨਮਾਨ ਵਜੋਂ ਮ੍ਰਿਤਕ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੇ ਚੈੱਕ ਸੌਂਪੇ ਸਨ। ਉਨ੍ਹਾਂ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਨਾਂ ’ਤੇ ਸਟੇਡੀਅਮ ਬਣਾਉਣ ਅਤੇ ਸੜਕ ਦਾ ਨਾਂ ਰੱਖਣ ਦਾ ਵੀ ਐਲਾਨ ਕੀਤਾ।

Scroll to Top