ਚੰਡੀਗੜ੍ਹ, 04 ਅਕਤੂਬਰ 2023: ਏਜੀਟੀਐਫ (AGTF)-ਪੰਜਾਬ ਨੇ ਐੱਸ.ਏ.ਐੱਸ. ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬੰਬੀਹਾ ਗਿਰੋਹ ਦੇ ਦੋ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਟਵਿਟਰ ‘ਤੇ ਇਹ ਜਾਣਕਾਰੀ ਦਿੱਤੀ ਹੈ। ਫੜੇ ਗਏ ਦੇ ਵਿਅਕਤੀਆਂ ਦੇ ਨਾਂ ਅਵਤਾਰ ਸਿੰਘ ਉਰਫ ਗੋਰਾ ਅਤੇ ਅਜੇ ਕੁਮਾਰ ਉਰਫ ਪ੍ਰੀਤ ਸ਼ਰਮਾ ਹਨ। ਪੁਲਿਸ ਮੁਤਾਬਕ ਅਵਤਾਰ ਉਰਫ ਗੋਰਾ ਬਦਮਾਸ਼ ਗੁਰਬਖਸ਼ ਸੇਵੇਵਾਲ ਦਾ ਕਰੀਬੀ ਸਾਥੀ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 4 ਪਿਸਤੌਲ ਅਤੇ 16 ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਪੰਜਾਬ ਪੁਲਿਸ ਮੁਤਾਬਕ ਅਵਤਾਰ ਇੱਕ ਸਨਸਨੀਖੇਜ਼ ਦੋਹਰੇ ਕਤਲ ਕਾਂਡ ਦਾ ਮੁਲਜ਼ਮ ਹੈ ਅਤੇ ਉਦੋਂ ਤੋਂ ਹੀ ਫਰਾਰ ਸੀ। ਉਸ ਨੂੰ ਮਾਣਯੋਗ ਅਦਾਲਤਾਂ ਵੱਲੋਂ 2 ਅਪਰਾਧਿਕ ਮਾਮਲਿਆਂ ਵਿੱਚ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਦੋਵੇਂ ਮੁਲਜ਼ਮ ਬੰਬੀਹਾ ਗੈਂਗ ਦੇ ਮੈਂਬਰਾਂ ਨੂੰ ਲੌਜਿਸਟਿਕਸ ਸਪੋਰਟ, ਲੁਕਣ ਦੇ ਟਿਕਾਣੇ ਅਤੇ ਹਥਿਆਰ ਮੁਹੱਈਆ ਕਰਵਾਉਣ ਵਿਚ ਸ਼ਾਮਲ ਸਨ ਅਤੇ ਸੂਬੇ ਵਿਚ ਵੱਡੀ ਵਾਰਦਾਤਾਂ ਕਰਨ ਦੀ ਯੋਜਨਾ ਬਣਾ ਰਹੇ ਸਨ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ।