AGTF

AGTF ਤੇ ਮੋਹਾਲੀ ਪੁਲਿਸ ਨੇ ਸੁਭਾਸ਼ ਸੋਹੂ ਦੇ ਕ.ਤ.ਲ ਦੀ ਗੁੱਥੀ ਸੁਲਝਾਈ, ਹਥਿਆਰ ਸਪਲਾਇਰ ਹੀ ਨਿਕਲੇ ਕਾ.ਤ.ਲ

ਚੰਡੀਗੜ੍ਹ, 14 ਅਕਤੂਬਰ 2024: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਮੋਹਾਲੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਸੁਭਾਸ਼ ਉਰਫ਼ ਸੋਹੂ ਦੇ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ | ਪੁਲਿਸ ਨੇ ਇਸ ਮਾਮਲੇ ‘ਚ ਰਾਜਸਥਾਨ ਆਧਾਰਤ ਹਥਿਆਰ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ ਹੈ | ਜਿਕਰਯੋਗ ਹੈ ਕਿ 8 ਅਕਤੂਬਰ 2024 ਨੂੰ ਜੋਧਪੁਰ ਦੇ ਸੰਗਰੀਆ ‘ਚ ਦੋ ਅਣਪਛਾਤੇ ਵਿਅਕਤੀਆਂ ਨੇ ਸੁਭਾਸ਼ ਦੇ ਸਿਰ ‘ਚ ਪੰਜ ਗੋਲੀਆਂ ਮਾਰ ਕੇ ਉਸਦਾ ਬੇਰਹਿਮੀ ਕਤਲ ਕਰ ਦਿੱਤਾ ਸੀ।

ਇਸ ਸੰਬੰਧੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਰਾਜਸਥਾਨ ਦੇ ਬਲੋਤਰਾ ਜ਼ਿਲ੍ਹੇ ਦੇ ਰਹਿਣ ਵਾਲੇ ਤਿੰਨ ਅਸਲਾ ਸਪਲਾਇਰਾਂ ਭਾਨੂ ਸਿਸੋਦੀਆ, ਮੁਹੰਮਦ ਆਸਿਫ਼ ਅਤੇ ਅਨਿਲ ਕੁਮਾਰ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਪਿਛਲੇ ਸੰਪਰਕਾਂ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਇਹ ਸਫ਼ਲਤਾ ਹਾਸਿਲ ਕੀਤੀ ਹੈ |

ਜ਼ਿਕਰਯੋਗ ਹੈ ਕਿ ਮੁਲਜ਼ਮ ਨਵਜੋਤ ਸਿੰਘ ਉਰਫ਼ ਜੋਟਾ ਸਮੇਤ ਉਕਤ ਅਸਲਾ ਸਪਲਾਇਰਾਂ ਨੂੰ ਸ਼ੁੱਕਰਵਾਰ ਨੂੰ ਏਜੀਟੀਐਫ (AGTF ) ਅਤੇ ਐਸਏਐਸ ਨਗਰ ਪੁਲਿਸ ਦੀਆਂ ਟੀਮਾਂ ਨੇ ਉਸ ਵੇਲੇ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਡੇਰਾਬੱਸੀ ‘ਚ ਉਸ ਨੂੰ ਦੋ ਪਿਸਤੌਲਾਂ ਅਤੇ ਅੱਠ ਜਿੰਦਾ ਕਾਰਤੂਸਾਂ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ। ਪੁਲਿਸ ਮੁਤਾਬਕ ਮੁਲਜ਼ਮ ਨਵਜੋਤ ਉਰਫ ਜੋਟਾ ਵਿਦੇਸ਼ੀ ਆਧਾਰਿਤ ਹੈਂਡਲਰ ਪਵਿਤਰ (ਅਮਰੀਕਾ) ਅਤੇ ਮਨਜਿੰਦਰ (ਫਰਾਂਸ) ਦਾ ਮੁੱਖ ਸੰਚਾਲਕ ਹੈ ਅਤੇ ਉਸ ਵਿਰੁੱਧ 21 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।

ਉਨ੍ਹਾਂ ਦੱਸਿਆ ਕਿ ਚਾਰੇ ਮੁਲਜ਼ਮ ਇਸ ਸਮੇਂ ਥਾਣਾ ਡੇਰਾਬੱਸੀ ਵਿਖੇ ਪੁਲਿਸ ਰਿਮਾਂਡ ‘ਤੇ ਹਨ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ | ਉਨ੍ਹਾਂ ਨੇ ਅੱਗੇ ਦੱਸਿਆ ਕਿ ਮਾਸਟਰਮਾਈਂਡ ਭਾਨੂ ਸਿਸੋਦੀਆ ਨੇ ਆਪਣੇ ਸਾਥੀ ਅਨਿਲ ਲੇਗਾ ਦੇ ਕਤਲ ਦਾ ਬਦਲਾ ਲੈਣ ਲਈ ਫਰਵਰੀ 2024 ‘ਚ ਕਤਲ ਦੀ ਯੋਜਨਾ ਬਣਾਉਣ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਮੁਹੰਮਦ ਆਸਿਫ਼ ਅਤੇ ਅਨਿਲ ਕੁਮਾਰ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਪੁਲਿਸ ਮੁਤਾਬਕ ਇਸ ਮਾਮਲੇ ‘ਚ ਆਉਣ ਵਾਲੇ ਦਿਨਾਂ ‘ਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਮੁੱਢਲੀ ਤਫ਼ਤੀਸ਼ ਬਾਰੇ ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਰਾਜਸਥਾਨ ਦੇ ਤਿੰਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਅਪਰਾਧ ‘ਚ ਵਰਤੇ ਗਏ ਹਥਿਆਰਾਂ ਜਾਂ ਪੰਜਾਬ ‘ਚ ਉਨ੍ਹਾਂ ਲਈ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਵਾਉਣ ਬਦਲੇ ਨਵਜੋਤ ਸਿੰਘ ਜੋਤਾ ਨਾਲ 1 ਲੱਖ ਰੁਪਏ ਦਾ ਲੈਣ-ਦੇਣ ਕੀਤਾ ਸੀ | ਇਹ ਹਥਿਆਰ ਉਸ ਨੇ ਮੱਧ ਪ੍ਰਦੇਸ਼ ਤੋਂ ਖਰੀਦੇ ਸਨ।
ਉਨ੍ਹਾਂ ਦੱਸਿਆ ਕਿ ਇਸ ਕਤਲ ਨੂੰ ਅੰਜਾਮ ਦੇਣ ‘ਚ ਕੁਝ ਹੋਰ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ ਅਤੇ ਇਸ ਮਾਮਲੇ ‘ਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਰਾਜਸਥਾਨ ਪੁਲਿਸ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਪੁਲਿਸ ਨੇ ਇਸ ਸਬੰਧੀ ਥਾਣਾ ਡੇਰਾਬੱਸੀ ਵਿਖੇ ਐਫਆਈਆਰ ਨੰਬਰ 313 ਤਹਿਤ ਅਸਲਾ ਐਕਟ ਦੀ ਧਾਰਾ 25(6) ਅਤੇ 25(7) ਤਹਿਤ ਕੇਸ ਦਰਜ ਕੀਤਾ ਹੈ।

Scroll to Top