ਗੈਰ-ਕਾਨੂੰਨੀ ਖਾਦ

ਖੇਤੀਬਾੜੀ ਵਿਭਾਗ ਦੀ ਮੋਗਾ ‘ਚ ਵੱਡੀ ਕਾਰਵਾਈ, ਗੈਰ-ਕਾਨੂੰਨੀ ਖਾਦ ਤੇ ਕੀਟਨਾਸ਼ਕ ਵਾਲਾ ਗੋਦਾਮ ਸੀਲ

ਮੋਗਾ, 21 ਜੂਨ 2025: ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਉੱਡਣ ਦਸਤੇ ਨੇ ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਸਾਹੋਕੇ ‘ਚ ਗੈਰ-ਕਾਨੂੰਨੀ ਖਾਦ ਅਤੇ ਕੀਟਨਾਸ਼ਕ ਸਮਗਰੀ ਵਾਲਾ ਇੱਕ ਗੋਦਾਮ ਸੀਲ ਕਰ ਦਿੱਤਾ ਹੈ | ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੋਟਕਪੂਰਾ ਦੇ ਪਿਊਸ਼ ਗੋਇਲ ਦੁਆਰਾ ਚਲਾਏ ਜਾ ਰਹੇ ਇਸ ਗੋਦਾਮ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਸਟੋਰ ਕੀਤਾ ਗਿਆ ਪਾਇਆ ਗਿਆ, ਜਿਸ ਤੋਂ ਬਾਅਦ ਉੱਥੇ ਪਿਆ ਸਟਾਕ ਜ਼ਬਤ ਕਰ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ਵਸਤੂਆਂ ‘ਚੋਂ ਜ਼ਿੰਕ ਸਲਫੇਟ ਦੇ ਪੈਕੇਟ ਵੀ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਮੈਨੂਫੈਕਚਰਿੰਗ ਤਾਰੀਖ਼ ਅਤੇ ਬੈਚ ਨੰਬਰ ਨਹੀਂ ਸੀ, ਜਿਸ ਨਾਲ ਇਨ੍ਹਾਂ ਉਤਪਾਦਾਂ ਦੇ ਨਕਲੀ ਹੋਣ ਦਾ ਸ਼ੱਕ ਪੈਦਾ ਹੁੰਦਾ ਹੈ।

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੰਯੁਕਤ ਡਾਇਰੈਕਟਰ ਡਾ. ਨਰਿੰਦਰ ਸਿੰਘ ਬੈਨੀਪਾਲ ਤੇ ਮੋਗਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਉੱਡਣ ਦਸਤੇ ਨੇ ਖਾਦਾਂ ਦੇ ਤਿੰਨ ਅਤੇ ਕੀਟਨਾਸ਼ਕਾਂ ਦੇ ਦੋ ਨਮੂਨੇ ਲਏ ਹਨ ਅਤੇ ਖਾਦ (ਨਿਯੰਤਰਣ) ਆਦੇਸ਼, 1985, ਕੀਟਨਾਸ਼ਕ ਐਕਟ, 1968, ਕੀਟਨਾਸ਼ਕ ਨਿਯਮ 1971, ਜ਼ਰੂਰੀ ਵਸਤੂਆਂ ਐਕਟ, 1955 ਅਤੇ ਭਾਰਤੀ ਨਿਆਂ ਕੋਡ, 2023 ਤਹਿਤ ਥਾਣਾ ਸਮਾਲਸਰ, ਮੋਗਾ ਵਿਖੇ ਐਫਆਈਆਰ ਦਰਜ ਕੀਤੀ ਹੈ।

ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਘਟੀਆ ਅਤੇ ਗੈਰ-ਕਾਨੂੰਨੀ ਉਤਪਾਦਾਂ ਤੋਂ ਬਚਣ ਲਈ ਸਿਰਫ਼ ਅਧਿਕਾਰਤ ਡੀਲਰਾਂ ਤੋਂ ਹੀ ਖੇਤੀਬਾੜੀ ਵਸਤਾਂ ਖਰੀਦਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਸਾਨਾਂ ਨੂੰ ਜਵਾਬਦੇਹੀ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਹਰ ਖਰੀਦ ਲਈ ਸਹੀ ਬਿੱਲ ਲੈਣ ਲਈ ਕਿਹਾ।

Read More: ਪੰਜਾਬ ਸਰਕਾਰ ਨੇ ਚੌਲਾਂ ਦੀ ਕਾਸ਼ਤ ਲਈ 11 ਕੀਟਨਾਸ਼ਕਾਂ ਦੀ ਵਰਤੋਂ ‘ਤੇ ਲਗਾਈ ਪਾਬੰਦੀ

Scroll to Top