Election Commission

ਖੇਤੀਬਾੜੀ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਨਰਮੇ ਦੀ ਫਸਲ ਤੇ ਫੈਰੋਮੋਨ ਟਰੈਪਸ ਸਬੰਧੀ ਕਿਸਾਨਾਂ ਦੀ ਇੱਕ ਰੋਜ਼ਾ ਟਰੇਨਿੰਗ

ਸ੍ਰੀ ਮੁਕਤਸਰ ਸਾਹਿਬ, 17 ਮਈ 2024: ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਗੁਰਨਾਮ ਸਿੰਘ ਅਤੇ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਸ੍ਰੀ ਮੁਕਤਸਰ ਸਾਹਿਬ ਧਰਮਪਾਲ ਮੌਰਿਆ ਦੀ ਅਗਵਾਈ ਵਿੱਚ ਕੇਂਦਰੀ ਸੰਯੁਕਤ ਜੀਵ ਪ੍ਰਬੰਧਨ ਕੇਂਦਰ ਜਲੰਧਰ ਦੀ ਟੀਮ ਵੱਲੋਂ ਨਰਮੇ ਦੀ ਖੇਤੀ ਤੇ ਸਰਵਪੱਖੀ ਕੀਟ ਪ੍ਰਬੰਧਨ, ਐੱਨ.ਪੀ.ਐੱਸ.ਐੱਸ ਐਪ ਅਤੇ ਫੈਰੋਮੋਨ ਟਰੈਪਸ ਸਬੰਧੀ ਇੱਕ ਰੋਜ਼ਾ ਟਰੇਨਿੰਗ ਰੈੱਡ ਕਰਾਸ ਹਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਗਈ।

ਇਸ ਟਰੇਨਿੰਗ ਦੌਰਾਨ ਡਾ: ਪੀ.ਸੀ ਭਾਰਦਵਾਜ ਨੇ ਕਿਸਾਨਾਂ ਨੂੰ ਦੱਸਿਆ ਕਿ ਨਰਮੇ ਦੀ ਖੇਤੀ ਵਿੱਚ ਕੀੜਿਆਂ ਦੀ ਰੋਕਥਾਮ ਲਈ ਸਰਵਪੱਖੀ ਕੀਟ ਪ੍ਰਬੰਧਨ ਦੀ ਤਕਨੀਕ ਨਾਲ ਮਿੱਤਰ ਕੀੜਿਆਂ ਰਾਹੀਂ ਦੁਸ਼ਮਣ ਕੀੜਿਆਂ ਦਾ ਪ੍ਰਬੰਧ ਕਰਨਾ ਹੈ। ਇਹ ਕਿਸਾਨਾਂ ਦੁਆਰਾ, ਕਿਸਾਨਾਂ ਲਈ ਹੀ ਅਪਣਾਈ ਗਈ ਤਕਨੀਕ ਹੈ। ਜਿਸ ਨਾਲ ਨਰਮੇ ਦੀ ਫਸਲ ਤੇ ਕੀੜੇ ਮਕੌੜਿਆਂ ਦੇ ਹਮਲੇ ਤੇ ਕਾਬੂ ਪਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਨਰਮੇ ਦੀ ਫਸਲ ਤੇ ਫੈਰਮੋਨ ਟਰੈਪਸ ਲਗਾ ਕੇ ਗੁਲਾਬੀ ਸੁੰਡੀ ਸਬੰਧੀ ਅਗਾਊਂ ਪਤਾ ਲਗਾਇਆ ਜਾ ਸਕਦਾ ਹੈ। ਜਿਸ ਨਾਲ ਕੀੜਿਆਂ ਦੀ ਗਿਣਤੀ ਆਰਥਿਕ ਕਾਗਾਰ ਤੋਂ ਹੇਠਾਂ ਰੱਖੀ ਜਾ ਸਕਦੀ ਹੈ। ਡਾ: ਗੁਰਮੇਲ ਸਿੰਘ ਅਸਿਸਟੈਂਟ ਪ੍ਰੋਫੈਸਰ ਕੇ.ਵੀ.ਕੇ ਗੋਨੇਆਣਾ ਨਰਮੇ ਦੀ ਫਸਲ ਦੇ ਕੀੜੇ ਮਕੌੜੇ ਜਿਵੇਂ ਚਿੱਟੀ ਮੱਖੀ, ਮਿੱਲੀਬੱਗ, ਚੇਪਾ, ਥਰਿੱਪ, ਗੁਲਾਬੀ ਸੁੰਡੀ ਅਤੇ ਚਿਤਕਬਰੀ ਸੁੰਡੀ ਆਦਿ ਦੇ ਜੀਵਨ ਚੱਕਰ, ਨੁਕਸਾਨ ਦੇ ਚਿੰਨ ਅਤੇ ਸਰਵਪੱਖੀ ਰੋਕਥਾਮ ਬਾਰੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ। ਚੰਦਨਭਾਨ ਵੱਲੋਂ ਐੱਨ.ਪੀ.ਐੱਸ.ਐੱਸ ਐਪ ਅਤੇ ਫੈਰੋਮੋਨ ਟਰੈਪਸ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ।

ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵੱਲੋਂ ਬੀ.ਟੀ ਨਰਮੇ ਦੀਆਂ ਸਿਫਾਰਸ਼ਸ਼ੁਦਾ ਕਿਸਮਾਂ ਦੀ ਬਿਜਾਈ ਅਤੇ ਨਰਮੇ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਛਿਟੀਆਂ ਦੇ ਢੇਰਾਂ ਨੂੰ ਝਾੜ ਕੇ ਰਹਿੰਦ ਖੂੰਹਦ ਨੂੰ ਖਤਮ ਕਰਨ ਬਾਰੇ ਅਪੀਲ ਕੀਤੀ ਤਾਂ ਜੋ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਨਾ ਹੋਵੇ ਅਤੇ ਨਰਮੇ ਦੇ ਖੇਤਾਂ ਦੇ ਆਸੇ ਪਾਸੇ ਸਾਫ ਸਫਾਈ ਰੱਖੀ ਜਾਵੇ।

ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਰਮੇ ਦੀ ਫਸਲ ਨੂੰ ਖਾਦਾਂ ਦੀ ਸੰਤੁਲਿਤ ਮਾਤਰਾ ਪਾਈ ਜਾਵੇ ਤਾਂ ਜੋ ਤੱਤਾਂ ਦੀ ਘਾਟ ਨਾ ਆਵੇ। ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਇਹ ਟਰੇਨਿੰਗ ਆਪ ਸਭ ਲਈ ਬਹੁਤ ਲਾਹੇਵੰਦ ਹੋਵੇਗੀ, ਕਿਉਂਕਿ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੀ ਮੌਜੂਦਗੀ ਚੈਕ ਕਰਨ ਲਈ ਫੈਰੋਮੋਨ ਟਰੈਪਸ ਲਗਾਏ ਜਾਂਦੇ ਹਨ।

ਅੰਤ ਵਿੱਚ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਇਨਪੁਟਸ ਖਰੀਦਣ ਸਮੇਂ ਪੱਕੇ ਬਿੱਲ ਜਰੂਰ ਲਏ ਜਾਣ। ਇਸ ਟਰੇਨਿੰਗ ਵਿੱਚ ਸੁਖਜਿੰਦਰ ਸਿੰਘ ਵੱਲੋਂ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ ਗਿਆ। ਇਸ ਟਰੇਨਿੰਗ ਵਿੱਚ ਕੇਂਦਰੀ ਸੰਯੁਕਤ ਜੀਵ ਪ੍ਰਬੰਧਨ ਕੇਂਦਰ ਜਲੰਧਰ ਤੋਂ ਪਵਨ ਕੁਮਾਰ, ਚੇਤਨ, ਅੰਕਿਤ ਕੁਮਾਰ ਦੇ ਨਾਲ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ/ਕਰਮਚਾਰੀ ਤੋਂ ਇਲਾਵਾ ਬਹੁ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

Scroll to Top