ਚੰਡੀਗੜ੍ਹ, 04 ਅਪ੍ਰੈਲ 2025: ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਗੈਰ-ਮਿਆਰੀ ਅਤੇ ਗੈਰ-ਕਾਨੂੰਨੀ ਖੇਤੀਬਾੜੀ ਵਸਤਾਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਹੁਸ਼ਿਆਰਪੁਰ ਜ਼ਿਲ੍ਹੇ ‘ਚ ਦੋ ਫਰਮਾਂ ‘ਤੇ ਛਾਪੇਮਾਰੀ ਕੀਤੀ ਅਤੇ ਪਾਬੰਦੀਸ਼ੁਦਾ ਕੀਟਨਾਸ਼ਕਾਂ (Pesticides) ਅਤੇ ਮਿਆਦ ਪੁੱਗ ਚੁੱਕੇ ਸਟਾਕ ਨੂੰ ਜ਼ਬਤ ਕੀਤਾ ਗਿਆ ਹੈ।
ਇਸ ਸੰਬੰਧੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਜੁਆਇੰਟ ਡਾਇਰੈਕਟਰ (ਵਿਸਥਾਰ ਅਤੇ ਸਿਖਲਾਈ) ਦਿਲਬਾਗ ਸਿੰਘ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਟੀਮ ਨੇ ਹੁਸ਼ਿਆਰਪੁਰ ਦੀ ਨਵੀਂ ਅਨਾਜ ਮੰਡੀ, ਮੈਸਰਜ਼ ਜਨਕ ਰਾਜ ਨਰਿੰਦਰ ਕੁਮਾਰ ਵਿਖੇ ਅਚਾਨਕ ਛਾਪਾ ਮਾਰਿਆ।
ਇਸ ਮੌਕੇ ਜਾਂਚ ਦੌਰਾਨ ਟੀਮ ਨੂੰ ਪਾਬੰਦੀਸ਼ੁਦਾ ਅਮੋਨੀਅਮ ਸਾਲਟ- ਗਲਾਈਫੋਸੇਟ 71 ਫੀਸਦੀ ਐਸਜੀ ਦੇ 99 ਪੈਕੇਟ (ਹਰੇਕ 100 ਗ੍ਰਾਮ) ਬਰਾਮਦ ਕੀਤੇ, ਜੋ ਕਿ ਆਈਪ੍ਰੋਕੇਮ ਐਗਰੀ ਕੇਅਰ, ਪੰਚਕੂਲਾ, ਹਰਿਆਣਾ ਦੁਆਰਾ ਨਿਰਮਿਤ ਕੀਤੇ ਸਨ |
ਖੇਤੀਬਾੜੀ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਮਿਆਦ ਪੁੱਗ ਚੁੱਕੇ ਅਤੇ ਗੈਰ-ਮਿਆਰੀ ਕੀਟਨਾਸ਼ਕ ਵੀ ਬਰਾਮਦ ਕੀਤੇ ਹਨ | ਜਿਸ ‘ਚ 20 ਪੈਕੇਟ ਪੈਂਡੀਮੇਥਾਲਿਨ (1 ਲੀਟਰ), 10 ਪੈਕੇਟ ਪ੍ਰੋਫੇਨੋਫੋਸ + ਸਾਈਪਰਮੇਥਰਿਨ (1 ਲੀਟਰ), 40 ਪੈਕੇਟ ਥਾਈਮੇਥੋਕਸਮ (250 ਗ੍ਰਾਮ), 5 ਪੈਕੇਟ ਕਾਰਬੈਂਡਾਜ਼ਿਮ (250 ਗ੍ਰਾਮ), 75 ਪੈਕੇਟ ਕਲੋਡੀਨਾਫੌਪ ਪ੍ਰੋਪਾਰਗਿਲ (160 ਗ੍ਰਾਮ), 23 ਪੈਕੇਟ ਐਟਰਾਜ਼ੀਨ (500 ਗ੍ਰਾਮ), 5 ਪੈਕੇਟ ਮੈਟਾਲੈਕਸਿਲ + ਮੈਨਕੋਜ਼ੇਬ (250 ਗ੍ਰਾਮ) ਅਤੇ 10 ਪੈਕੇਟ ਮੈਨਕੋਜ਼ੇਬ (1 ਲੀਟਰ) ਸ਼ਾਮਲ ਹਨ।
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜਾਂਚ ਦੌਰਾਨ, ਨਮੂਨੇ ਲਏ ਗਏ ਸਨ ਅਤੇ ਕੀਟਨਾਸ਼ਕ ਐਕਟ, 1968 ਅਤੇ ਨਿਯਮ 1971 ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਸਟੇਸ਼ਨ ਮਾਡਲ ਟਾਊਨ, ਹੁਸ਼ਿਆਰਪੁਰ ਵਿਖੇ ਐਫਆਈਆਰ ਦਰਜ ਕੀਤੀ ਹੈ।
ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇੱਕ ਹੋਰ ਕਾਰਵਾਈ ‘ਚ ਟੀਮ ਨੇ ਉਸੇ ਮਾਰਕੀਟ ‘ਚ ਮੈਸਰਜ਼ ਵਿਜ਼ ਟਰੇਡਰਜ਼ ਦਾ ਵੀ ਨਿਰੀਖਣ ਕੀਤਾ, ਜਿੱਥੇ ਉਨ੍ਹਾਂ ਨੇ ਕੀਟਨਾਸ਼ਕਾਂ (Pesticides), ਖਾਦਾਂ ਅਤੇ ਬੀਜਾਂ ਦੇ ਦੋ-ਦੋ ਨਮੂਨੇ ਲਏ। ਮੰਤਰੀ ਨੇ ਕਿਹਾ ਕਿ ਕੀਟਨਾਸ਼ਕਾਂ ਅਤੇ ਬੀਜਾਂ ਦੀ ਵਿਕਰੀ ਤੁਰੰਤ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਇਹ ਫਰਮ ਸਬੰਧਤ ਕਾਨੂੰਨਾਂ ਤਹਿਤ ਢੁਕਵੀਂ ਲਾਇਸੈਂਸ ਪੁਸ਼ਟੀ ਤੋਂ ਬਿਨਾਂ ਕੰਮ ਕਰ ਰਹੀ ਸੀ।
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਅਧਿਕਾਰਤ ਡੀਲਰਾਂ ਤੋਂ ਹੀ ਖੇਤੀਬਾੜੀ ਉਤਪਾਦ ਖਰੀਦਣ ਅਤੇ ਖਰੀਦੇ ਗਏ ਸਾਮਾਨ ਦਾ ਬਿੱਲ ਲੈਣ।ਪ੍ਰਸ਼ਾਸਕੀ ਸਕੱਤਰ (ਖੇਤੀਬਾੜੀ) ਡਾ. ਬਸੰਤ ਗਰਗ ਨੇ ਦੱਸਿਆ ਕਿ ਸੂਬੇ ਦੇ ਸਾਰੇ ਮੁੱਖ ਖੇਤੀਬਾੜੀ ਅਧਿਕਾਰੀਆਂ ਨੂੰ ਖੇਤੀਬਾੜੀ ਲਾਗਤਾਂ ਨਾਲ ਸਬੰਧਤ ਡੀਲਰਾਂ/ਨਿਰਮਾਤਾਵਾਂ/ਮਾਰਕੀਟਿੰਗ ਕੰਪਨੀਆਂ ‘ਤੇ ਨਿਯਮਤ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਕਿਸਾਨਾਂ ਲਈ ਗੁਣਵੱਤਾ ਵਾਲੇ ਉਤਪਾਦਾਂ ਨੂੰ ਯਕੀਨੀ ਬਣਾਇਆ ਜਾ ਸਕੇ।
Read More: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਅਮਰੀਕਾ ਦੌਰੇ ਲਈ ਵਿਦੇਸ਼ ਮੰਤਰਾਲੇ ਨੇ ਨਹੀਂ ਦਿੱਤੀ ਮਨਜ਼ੂਰੀ