ਫਾਜ਼ਿਲਕਾ 16 ਮਈ 2024: ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ ਬਲਾਕ ਖੇਤੀਬਾੜੀ ਅਫਸਰ ਅਬੋਹਰ (Abohar) ਡਾ. ਸੁੰਦਰ ਲਾਲ ਦੀ ਅਗਵਾਈ ਹੇਠ ਨਰਮੇ ਦੀ ਫਸਲ ਨੂੰ ਪ੍ਰਫੁੱਲਿਤ ਕਰਨ ਅਤੇ ਸੁਚੱਜੀ ਕਾਸ਼ਤ ਲਈ ਖੇਤੀਬਾੜੀ ਵਿਭਾਗ ਅਬੋਹਰ ਅਤੇ ਪੀ.ਏ.ਯੂ. ਦੇ ਮਾਹਿਰਾ ਵੱਲੋ ਪਿੰਡ ਝੂਮਿਆਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫਸਰ-ਕਮ-ਸਰਕਲ ਇੰਚਾਰਜ ਕੁੰਡਲ ਡਾ. ਵਿਕਰਾਂਤ ਵੱਲੋ ਕਿਸਾਨਾਂ ਨੂੰ ਨਰਮੇ ਦੀ ਫਸਲ ਹੇਠ ਵੱਧ ਤੋ ਵੱਧ ਰਕਬਾ ਬੀਜਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਪ੍ਰਬੰਧਨ ਤਹਿਤ ਜੇਕਰ ਕਿਤੇ ਖੇਤਾਂ ਵਿੱਚ ਛਟੀਆਂ ਪਈਆਂ ਹਨ ਤਾ ਉਨ੍ਹਾਂ ਨੂੰ ਝਾੜ ਕੇ ਰੱਖਣ ਅਤੇ ਚਿੱਟੀ ਮੱਖੀ ਦੇ ਹਮਲੇ ਤੋ ਬਚਾਅ ਲਈ ਖੇਤਾਂ ਦੀਆਂ ਵੱਟਾਂ ਅਤੇ ਆਸਾ-ਪਾਸਾ ਨਦੀਨ ਮੁਕਤ ਰੱਖਣ ਦੀ ਸਲਾਹ ਦਿੱਤੀ ਗਈ।
ਪੀ.ਏ.ਯੂ. ਤੋਂ ਮਾਹਰ ਡਾ. ਮਨਪ੍ਰੀਤ ਵੱਲੋਂ ਕਿਸਾਨਾਂ ਨੂੰ ਨਰਮੇ ਦੀਆ ਕਿਸਮਾਂ ਦੀ ਚੋਣ ਅਤੇ ਬਿਜਾਈ ਦੇ ਤੌਰ ਤਰੀਕਿਆਂ ਤੋਂ ਲੈ ਕੇ ਨਰਮੇ ਦੀ ਸੁਚੱਜੀ ਕਾਸ਼ਤ ਲਈ ਜਾਣੂੰ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਵਿੱਚ ਵੱਖ-ਵੱਖ ਖਾਦਾਂ ਦੀ ਮਹੱਤਤਾ ਅਤੇ ਵਰਤੋਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।
ਪੀ.ਏ.ਯੂ. ਤੋ ਮਾਹਿਰ ਡਾ. ਜਗਦੀਸ ਕੁਮਾਰ ਅਰੋੜਾ ਵੱਲੋਂ ਨਰਮੇ ਦੀ ਫਸਲ ਨਾਲ ਸਬੰਧਤ ਕੀੜੇ ਮਕੌੜੇ ਅਤੇ ਬਿਮਾਰੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਨਰਮੇ ਦੀ ਫਸਲ ਤੇ ਹੋਣ ਵਾਲੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਸੁਚੱਜੇ ਪ੍ਰਬੰਧਨਾਂ ਬਾਰੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ।
ਖੇਤੀਬਾੜੀ ਉਪ-ਨਿਰੀਖਕ ਵਿਪਨ ਕੁਮਾਰ ਵੱਲੋਂ ਵਿਭਾਗ (Abohar) ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਨਾੜ/ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾ ਨੂੰ ਪ੍ਰੇਰਿਆ ਅਤੇ ਆਏ ਹੋਏ ਕਿਸਾਨ ਵੀਰਾ ਦਾ ਧੰਨਵਾਦ ਵੀ ਕੀਤਾ ਗਿਆ।