Agriculture Science Center

ਖੇਤੀ ਵਿਗਿਆਨ ਕੇਂਦਰ ਨੇ ਸਰ੍ਹੋਂ ਦੀ ਕਾਸ਼ਤ ਸਬੰਧੀ ਮਨਾਇਆ ਖੇਤ ਦਿਹਾੜਾ

ਸ੍ਰੀ ਮੁਕਤਸਰ ਸਾਹਿਬ, 28 ਫਰਵਰੀ 2024: ਖੇਤੀ ਵਿਗਿਆਨ ਕੇਂਦਰ (Agriculture Science Center), ਸ੍ਰੀ ਮੁਕਤਸਰ ਸਾਹਿਬ ਵੱਲੋਂ ਡਾ. ਕਰਮਜੀਤ ਸ਼ਰਮਾ, ਐਸੋਸੀਏਟ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਗੋਭੀ ਸਰ੍ਹੋਂ ਦੀ ਕਿਸਮ ਜੀ.ਐਸ.ਸੀ-7 ਦੀ ਕਾਸ਼ਤ ਨੂੰ ਪ੍ਰਫੁੱਲਤ ਕਰਨ ਲਈ ਅੱਜ ਪਿੰਡ ਮੋਤਲੇਵਾਲਾ ਵਿਖੇ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ, ਇਸ ਖੇਤ ਦਿਹਾੜਾ ਵਿੱਚ ਪਿੰਡ ਦੇ ਲਗਭਗ 55 ਸੂਝਵਾਨ ਕਿਸਾਨ ਵੀਰਾਂ ਨੇ ਭਾਗ ਲਿਆ।

ਇਸ ਦੌਰਾਨ ਡਾ. ਗੁਰਮੇਲ ਸਿੰਘ ਸੰਧੂ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਗੋਭੀ ਸਰ੍ਹੋਂ ਦੀ ਇਸ ਕਿਸਮ ਦੀਆਂ ਵਿਸ਼ੇਸ਼ਤਵਾਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਜੀ.ਐਸ.ਸੀ-7 ਕਿਸਮ ਦਾ ਤੇਲ ਮਨੁੱਖੀ ਸਿਹਤ ਲਈ ਅਤੇ ਖਲ਼ ਪਸ਼ੂਆਂ ਦੀ ਖੁਰਾਕ ਲਈ ਬਹੁਤ ਵਧੀਆ ਹਨ। ਇਸ ਤੋਂ ਇਲਾਵਾ ਉਹਨਾਂ ਨੇ ਸਰ੍ਹੋਂ , ਕਣਕ, ਬਰਸੀਮ, ਗੰਨੇ ’ਤੇ ਹਮਲਾ ਕਰਨ ਵਾਲੇ ਕੀੜੇ ਅਤੇ ਬਿਮਾਰੀਆਂ ਦੀ ਪਹਿਚਾਣ ਅਤੇ ਸੁਚੱਜੀ ਰੋਕਥਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਗੋਭੀ ਸਰ੍ਹੋਂ ਦੀ ਸਫਲ ਕਾਸ਼ਤ ਸਬੰਧੀ ਜਾਣਕਰੀ ਸਾਂਝੀ ਕੀਤੀ। ਇਸ ਦੌਰਾਨ ਉਹਨਾਂ ਨੇ ਹਲਦੀ ਦੀ ਮਹੱਤਤਾ, ਕਾਸ਼ਤਕਾਰੀ ਢੰਗ ਅਤੇ ਪ੍ਰੋਸੈਸਿੰਗ ਸਬੰਧੀ ਨੁਕਤੇ ਸਾਂਝੇ ਕੀਤੇ।

ਡਾ. ਵਿਵੇਕ ਸ਼ਰਮਾ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਪਸ਼ੂਆਂ ਵਿਚ ਮਲੱਪਾਂ ਦੀ ਰੋਕਥਾਮ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ-ਨਾਲ ਉਹਨਾਂ ਨੇ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਨਾਲ ਸਬੰਧਿਤ ਜ਼ਰੂਰੀ ਨੁਕਤੇ ਸਾਂਝੇ ਕੀਤੇ। ਉਹਨਾਂ ਨੇ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ, ਖਾਸ ਤੌਰ ਤੇ ਥਨੈਲਾ ਰੋਗ ਤੋਂ ਬਚਾਅ ਸਬੰਧੀ ਸੁਝਾਅ ਅਤੇ ਹਦਾਇਤਾਂ ਕਿਸਾਨ ਵੀਰਾਂ ਨਾਲ ਸਾਂਝੀਆਂ ਕੀਤੀਆਂ।

ਡਾ. ਮਨਜੀਤ ਕੌਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਮਿੱਟੀ ਪਰਖ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਫਸਲ ਦੇ ਚੰਗੇ ਝਾੜ ਪ੍ਰਾਪਤ ਕਰਨ ਅਤੇ ਜਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਕਰਨੀ ਚਾਹੀਦੀ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਮਿੱਟੀ ਅਤੇ ਪਾਣੀ ਪਰਖ ਲਈ ਨਮੂਨੇ ਲੈਣ ਦੇ ਸਹੀ ਢੰਗ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ।

ਅੰਤ ਵਿਚ ਡਾ. ਗੁਰਮੇਲ ਸਿੰਘ ਸੰਧੂ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਵੱਲੋਂ ਮਾਰਚ ਮਹੀਨੇ ਵਿੱਚ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਹੀ ਕਿਸਾਨ ਵੀਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

Scroll to Top