ਪਟਿਆਲਾ, 23 ਅਪ੍ਰੈਲ 2023: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਆਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਖੁਦ ਆਪਣੀ ਗ੍ਰਿਫ਼ਤਾਰੀ ਦੇਣ ਤੋਂ ਬਾਅਦ ਹੁਣ ਸੂਬਾ ਸਰਕਾਰ ਨੂੰ ਆਮ ਲੋਕਾਂ ਦੀ, ਨੌਜਵਾਨਾਂ ਦੀ, ਬੱਚਿਆਂ ਦੀ ਫੜੋ ਫੜੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਸੂਬਾ ਸਰਕਾਰ ਦੀ ਇਨਾਂ ਘਟੀਆ ਹਰਕਤਾਂ ਨੇ ਦਹਿਸ਼ਤ ਦਾ ਮਾਹੌਲ ਸਿਰਜਿਆ ਹੋਇਆ ਹੈ। ਪ੍ਰੋ. ਚੰਦੂਮਾਜਰਾ ਅੱਜ ਇੱਥੇ ਸਿੱਖ ਬੁੱਧੀਜੀਵੀ ਕੌਂਸਲ ਦੇ ਸੂਬਾ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬਲੁੂਆਣਾ ਦੀ ਅੰਤਿਮ ਅਰਦਾਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਦਾ ਤਾਜਾ ਹੀ ਆਇਆ ਬਿਆਨ ਕਿ ਪੰਜਾਬ ਅੰਦਰ ਕਿਸੇ ਤਰ੍ਹਾਂ ਦੀ ਕੋਹੀ ਲਹਿਰ ਨਹੀਂ ਹੈ ਤੇ ਸਭ ਕੁੱਝ ਸ਼ਾਂਤ ਹੈ ਤੋਂ ਇਹ ਸਪੱਸ਼ਟ ਹੈ ਕਿ ਜੋ ਕੁੱਝ ਪੰਜਾਬ ਵਿੱਚ ਪਿਛਲੇ ਦਿਨੀ ਹੋਇਆ ਹੈ। ਸਭ ਕੁੱਝ ਇੱਕ ਸਾਜਿਸ਼ ਤਹਿਤ ਹੋਇਆ ਹੈ ਤੇ ਹੁਣ ਗ੍ਰਹਿ ਮੰਤਰੀ ਦੇ ਬਿਆਨ ਤੋਂ ਬਾਅਦ ਤੁਰੰਤ ਪੰਜਾਬ ਦੇ ਨੌਜਵਾਨਾਂ ‘ਤੇ ਲੱਗੀ ਐਨ.ਐਸ.ਏ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਹ ਕਾਨੂੰਨ ਇਨ੍ਹਾਂ ਨੌਜਵਾਨਾਂ ਨਾਲ ਵੱਡਾ ਧੱਕਾ ਹਨ।
ਪ੍ਰੋ. ਚੰਦੂਮਾਜਰਾ ਨੇ ਅੱਜ ਵੀ ਅੰਮ੍ਰਿਤਪਾਲ ਸਿੰਘ ਵੱਲੋਂ ਖੁਦ ਗ੍ਰਿਫ਼ਤਾਰੀ ਲਈ ਪੇਸ਼ ਕਰਨ ਤੋਂ ਬਾਅਦ ਦੇ ਆਏ ਕੁੱਝ ਬਿਆਨਾਂ ਦੀ ਵੀ ਤਿੱਖੀ ਨੁਕਤਾਚਿੰਨੀ ਕੀਤੀ। ਉਨ੍ਹਾਂ ਆਖਿਆ ਕਿ ਜਦੋਂ ਅੰਮ੍ਰਿਤਪਾਲ ਖੁਦ ਹੀ ਗ੍ਰਿਫ਼ਤਾਰ ਹੋ ਗਿਆ ਹੈ ਤਾਂ ਕਿਸੇ ਵੀ ਅਧਿਕਾਰੀ ਜਾਂ ਨੇਤਾ ਨੂੰ ਕੋਈ ਭੜਕਾਊ ਬਿਆਨਬਾਜੀ ਕਰਨ ਦੀ ਲੋੜ ਨਹੀਂ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਆਪਣੀਆਂ ਨਾਕਾਮੀਆਂ ਤੋਂ ਪਰਦਾ ਛੁਪਾਉਣ ਲਈ ਜਾਣਬੁੱਝ ਕੇ ਸੂਬੇ ਦਾ ਮਾਹੌਲ ਖਰਾਬ ਕਰ ਰਹੀ ਹੈ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਹਾਲ ਹੀ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ, ਪੰਜ ਸ਼ਹੀਦ ਜਵਾਨਾਂ ਵਿਚੋਂ ਚਾਰ ਜਵਾਨ ਪੰਜਾਬ ਦੇ ਹਨ। ਉਨ੍ਹਾਂ ਆਖਿਆ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਤੋਂ ਕੁੱਝ ਸਿੱਖਣ ਦੀ ਲੋੜ ਹੈ, ਜਿਹੜੇ ਲੋਕਾਂ ਨੇ ਪਿਛਲੇ ਦਿਨੀ ਸਿੱਖਾਂ ਤੇ ਪੰਜਾਬੀਆਂ ਨੂੰ ਬਿਨਾ ਮਤਲਬ ਤੋਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਹੁਣ ਦੱਸਣ ਕਿ ਉਨ੍ਹਾਂ ਨੇ ਆਪਣੇ ਮੂੰਹਾਂ ਉਪਰ ਕਿਉਂ ਤਾਲੇ ਲਗਾਏ ਹੋਏ ਹਨ। ਚੰਦੂਮਾਜਰਾ ਨੇ ਆਖਿਆ ਕਿ ਭਾਰਤ ਅਤੇ ਸੂਬਾ ਸਰਕਾਰ ਨੂੰ ਪੰਜਾਬੀਆਂ ਤੇ ਸਿੱਖਾਂ ਨੂੰ ਬਦਨਾਮ ਕਰਨ ਅਤੇ ਸਿੱਖਾਂ ਦਾ ਅਕਸ ਵਿਗਾੜਨ ਦਾ ਕੋਈ ਵੀ ਅਖਤਿਆਰ ਨਹੀਂ ਹੈ।
ਉਨ੍ਹਾਂ ਆਖਿਆ ਕਿ ਦੋਵੇਂ ਸਰਕਾਰਾਂ ਨੇ ਮਿਲਕੇ ਜਾਣਬੁੱਝ ਕੇ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਕੀਤਾ ਹੈ। ਇਸ ਮੋਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਕਾਰਜਕਾਰੀ ਮੈਂਬਰ ਐਸਜੀਪੀਸੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਬਾਬਾ ਭੁਪਿੰਦਰ ਸਿੰਘ, ਗਮਦੂਰ ਸਿੰਘ ਖੇੜਕੀ, ਜਸਵੀਰ ਸਿੰਘ ਬਘੌਰਾ ਸੀਨੀਅਰ ਨੇਤਾ, ਸੰਦੀਪ ਸਿੰਘ ਰਾਜਾ ਤੂੜ, ਗੁਰਦੀਪ ਸਿੰਘ ਵਾਲੀਆ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜਰ ਸਨ।




