ਚੰਡੀਗੜ, 26 ਅਗਸਤ 2024: ਹਰਿਆਣਾ (Haryana) ‘ਚ ਅਗਾਮੀ ਆਮ ਵਿਧਾਨ ਸਭਾ ਚੋਣਾਂ 2024 ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਆਪਣੇ ਚੋਣ ਖਰਚੇ ਦੇ ਵੇਰਵੇ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ‘ਚ ਜਮ੍ਹਾਂ ਕਰਵਾਉਣੇ ਪੈਣਗੇ । ਭਾਰਤੀ ਚੋਣ ਕਮਿਸ਼ਨ ਦੇ ਮੁਤਾਬਕ, ਜੋ ਉਮੀਦਵਾਰ ਨਿਰਧਾਰਤ ਸਮੇਂ ਦੇ ਅੰਦਰ ਚੋਣ ਖਰਚੇ ਦੇ ਵੇਰਵੇ ਪੇਸ਼ ਨਹੀਂ ਕਰਦੇ ਹਨ, ਉਨ੍ਹਾਂ ਨੂੰ ਭਵਿੱਖ ਦੀਆਂ ਚੋਣਾਂ ਲੜਨ ਲਈ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।
ਇਸ ਬਾਰੇ ਹਰਿਆਣਾ (Haryana) ਦੇ ਮੁੱਖ ਚੋਣ ਅਫ਼ਸਰ ਪੰਕਜ ਅਗਰਵਾਲ ਨੇ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਲਈ ਪ੍ਰਤੀ ਉਮੀਦਵਾਰ ਚੋਣ ਖਰਚ ਦੀ ਵੱਧ ਤੋਂ ਵੱਧ ਸੀਮਾ 40 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਉਮੀਦਵਾਰ ਵੱਲੋਂ ਨਾਮਜ਼ਦਗੀ ਫਾਰਮ ਭਰਦੇ ਹੀ ਚੋਣ ਖਰਚਿਆਂ ਦੀ ਗਣਨਾ ਸ਼ੁਰੂ ਹੋ ਜਾਂਦੀ ਹੈ।
ਇਸ ਦੇ ਲਈ ਉਮੀਦਵਾਰ ਨੂੰ ਆਪਣੇ ਰੋਜ਼ਾਨਾ ਚੋਣ ਖਰਚਿਆਂ ਦਾ ਹਿਸਾਬ ਇਕ ਵੱਖਰੀ ਡਾਇਰੀ ‘ਚ ਰੱਖਣਾ ਹੋਵੇਗਾ ਅਤੇ ਇਕ ਵੱਖਰਾ ਬੈਂਕ ਖਾਤਾ ਵੀ ਖੋਲ੍ਹਣਾ ਹੋਵੇਗਾ। ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਖਰਚਿਆਂ ਦਾ ਹਿਸਾਬ-ਕਿਤਾਬ ਚੱਲਦਾ ਹੈ। ਇਸ ਸਮੇਂ ਦੌਰਾਨ ਕੋਈ ਵੀ ਉਮੀਦਵਾਰ ਨਿਰਧਾਰਤ ਸੀਮਾ ਤੋਂ ਵੱਧ ਪੈਸਾ ਖਰਚ ਨਹੀਂ ਕਰ ਸਕਦਾ।