Earthquake

ਤਾਈਵਾਨ ਤੋਂ ਬਾਅਦ ਹੁਣ ਜਾਪਾਨ ‘ਚ ਵੀ ਆਇਆ ਜ਼ਬਰਦਸਤ ਭੂਚਾਲ, ਭਾਰਤੀਆਂ ਲਈ ਐਡਵਾਈਜ਼ਰੀ

ਚੰਡੀਗੜ੍ਹ, 4 ਅਪ੍ਰੈਲ 2024: ਤਾਈਵਾਨ ‘ਚ ਤਬਾਹੀ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਜਾਪਾਨ ‘ਚ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਮਾਪੀ ਗਈ ਹੈ । ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਈਵਾਨ ‘ਚ 25 ਸਾਲਾਂ ‘ਚ ਆਏ ਸਭ ਤੋਂ ਭਿਆਨਕ ਭੂਚਾਲ ‘ਚ 9 ਜਣਿਆਂ ਦੀ ਮੌਤ ਹੋ ਗਈ ਸੀ ਅਤੇ 1000 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ। ਇਸਦੇ ਨਾਲ ਹੀ ਬਚਾਅ ਕਾਰਜ ਜਾਰੀ ਹੈ |

ਇਸ ਦੌਰਾਨ ਦੋ ਭਾਰਤੀ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਬੀਬੀ ਹੈ। ਭੂਚਾਲ ਨਿਗਰਾਨੀ ਏਜੰਸੀ ਦੇ ਮੁਤਾਬਕ ਭੂਚਾਲ ਦੀ ਤੀਬਰਤਾ 7.2 ਸੀ, ਜਦੋਂ ਕਿ ਅਮਰੀਕੀ ਸਰਵੇਖਣ ਨੇ ਇਸ ਨੂੰ 7.4 ਦੱਸਿਆ ਹੈ। ਇਸ ਕਾਰਨ 70 ਜਣੇ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਇਸ ਦਾ ਕੇਂਦਰ ਹੁਆਲੀਅਨ ਵਿੱਚ ਜ਼ਮੀਨ ਤੋਂ 35 ਕਿਲੋਮੀਟਰ ਹੇਠਾਂ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਇਵਾਨ ਵਿੱਚ ਭੂਚਾਲ ਕਾਰਨ ਹੋਈਆਂ ਮੌਤਾਂ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦੁੱਖ ਦੀ ਇਸ ਘੜੀ ਵਿੱਚ ਤਾਇਵਾਨ ਦੇ ਲੋਕਾਂ ਨਾਲ ਖੜ੍ਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕਿਹਾ, ”ਅੱਜ ਤਾਈਵਾਨ ‘ਚ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ।”

ਇਸ ਦੇ ਨਾਲ ਹੀ ਭਾਰਤ ਨੇ ਤਾਇਵਾਨ ‘ਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇੰਡੀਆ ਤਾਈਪੇ ਐਸੋਸੀਏਸ਼ਨ ਨੇ ਐਮਰਜੈਂਸੀ ਨੰਬਰ ਅਤੇ ਈ-ਮੇਲ ਆਈਡੀ ਜਾਰੀ ਕੀਤੀ ਹੈ। ਇਹ ਹਨ: 0905247906 ਅਤੇ ad.ita@mea.gov.in. ਤਾਇਵਾਨ ਵਿੱਚ ਕਰੀਬ 5 ਹਜ਼ਾਰ ਭਾਰਤੀ ਰਹਿੰਦੇ ਹਨ।

ਤਾਇਵਾਨ ਵਿੱਚ ਆਏ ਭੂਚਾਲ (Earthquake) ਦੇ ਝਟਕੇ ਜਾਪਾਨ ਅਤੇ ਫਿਲੀਪੀਨਜ਼ ਵਿੱਚ ਵੀ ਮਹਿਸੂਸ ਕੀਤੇ ਗਏ। ਤਿੰਨਾਂ ਦੇਸ਼ਾਂ ‘ਚ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਪਾਨ ਦੇ ਮੌਸਮ ਵਿਭਾਗ ਨੇ ਸਮੁੰਦਰ ਵਿੱਚ 3 ਮੀਟਰ ਜਾਂ ਕਰੀਬ 10 ਫੁੱਟ ਤੱਕ ਲਹਿਰਾਂ ਦੀ ਭਵਿੱਖਬਾਣੀ ਕੀਤੀ ਸੀ। ਹਾਲਾਂਕਿ ਕਰੀਬ 6 ਘੰਟੇ ਬਾਅਦ ਚਿਤਾਵਨੀ ਵਾਪਸ ਲੈ ਲਈ ਗਈ।

ਨਿਊਯਾਰਕ ਟਾਈਮਜ਼ ਮੁਤਾਬਕ ਹੁਆਲੀਅਨ ਸ਼ਹਿਰ ‘ਚ 14 ਹਜ਼ਾਰ ਘਰਾਂ ‘ਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ। ਇੱਥੋਂ ਦੇ ਵਾਸੀਆਂ ਕੋਲ ਪੀਣ ਵਾਲੇ ਪਾਣੀ ਦੀ ਕਮੀ ਹੋ ਗਈ ਹੈ । ਇੱਕ ਹਜ਼ਾਰ ਦੇ ਕਰੀਬ ਘਰ ਅਜਿਹੇ ਹਨ ਜਿੱਥੇ ਬਿਜਲੀ ਨਹੀਂ ਹੈ। ਭੂਚਾਲ ਕਾਰਨ ਪਾਵਰ ਪਲਾਂਟ ਨੂੰ ਨੁਕਸਾਨ ਪਹੁੰਚਿਆ ਸੀ। 40 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕੁਝ ਉਡਾਣਾਂ ਦਾ ਸਮਾਂ ਬਦਲਿਆ ਗਿਆ ਹੈ।

ਤਾਈਵਾਨ ਦੀ ਨੈਸ਼ਨਲ ਫਾਇਰ ਏਜੰਸੀ ਮੁਤਾਬਕ ਸੁਰੰਗ ਦੇ ਹਿੱਸੇ ਟੁੱਟਣ ਕਾਰਨ ਕਈ ਥਾਵਾਂ ‘ਤੇ ਸੜਕਾਂ ਬੰਦ ਹੋ ਗਈਆਂ ਹਨ। ਇਸ ਤੋਂ ਇਲਾਵਾ 4 ਮਿੰਨੀ ਬੱਸਾਂ ਵਿਚ 50 ਦੇ ਕਰੀਬ ਜਣੇ ਫਸੇ ਹੋਏ ਹਨ। ਇਹ ਬੱਸਾਂ ਹੁਆਲੀਅਨ ਸ਼ਹਿਰ ਤੋਂ ਤਾਰੋਕੋ ਨੈਸ਼ਨਲ ਪਾਰਕ ਤੱਕ ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਸਨ।

Scroll to Top