MDH

ਸਿੰਗਾਪੁਰ ਤੋਂ ਬਾਅਦ ਹੁਣ ਹਾਂਗਕਾਂਗ ਨੇ ਐਵਰੈਸਟ ਤੇ MDH ਦੇ ਕੁਝ ਮਸਾਲਿਆਂ ‘ਤੇ ਲਾਈ ਪਾਬੰਦੀ

ਚੰਡੀਗੜ੍ਹ, 22 ਅਪ੍ਰੈਲ, 2024: ਸਿੰਗਾਪੁਰ ਤੋਂ ਬਾਅਦ ਹੁਣ ਹਾਂਗਕਾਂਗ ਨੇ ਵੀ ਭਾਰਤੀ ਮਸਾਲਿਆਂ ਦੇ ਬ੍ਰਾਂਡਾਂ ਐੱਮ.ਡੀ.ਐੱਚ (MDH) ਪ੍ਰਾਈਵੇਟ ਲਿਮਟਿਡ ਅਤੇ ਐਵਰੈਸਟ ਫੂਡ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੇ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ, ਕਿਉਂਕਿ ਇਨ੍ਹਾਂ ਕੰਪਨੀਆਂ ਦੇ ਕਈ ਮਸਾਲਿਆਂ ਦੇ ਮਿਸ਼ਰਣਾਂ ਵਿੱਚ ਕਥਿਤ ਤੌਰ ‘ਤੇ ਕਾਰਸੀਨੋਜੇਨਿਕ ਕੀਟਨਾਸ਼ਕ ਐਥੀਲੀਨ ਆਕਸਾਈਡ ਪਾਇਆ ਗਿਆ।

ਇਸਦੇ ਨਾਲ ਹੀ ਐਵਰੈਸਟ ਦੇ ਫਿਸ਼ ਕਰੀ ਮਸਾਲਾ ਵਿੱਚ ਕਥਿਤ ਕਾਰਸੀਨੋਜੇਨਿਕ ਕੀਟਨਾਸ਼ਕ ਪਾਇਆ ਗਿਆ। ਹਾਂਗਕਾਂਗ ਅਤੇ ਸਿੰਗਾਪੁਰ ਵਿਚ ਐਮਡੀਐਚ ਅਤੇ ਐਵਰੈਸਟ ਦੇ ਚਾਰ ਮਸਾਲਿਆਂ ‘ਤੇ ਪਾਬੰਦੀ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਫੂਡ ਕਮਿਸ਼ਨਰਾਂ ਨੂੰ ਸਾਰੀਆਂ ਕੰਪਨੀਆਂ ਦੇ ਮਸਾਲਿਆਂ ਦੇ ਨਮੂਨੇ ਇਕੱਠੇ ਕਰਨ ਲਈ ਕਿਹਾ ਹੈ।

ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਦੀ ਸਰਕਾਰ ਦੇ ਸੈਂਟਰ ਫਾਰ ਫੂਡ ਸੇਫਟੀ (CFS) ਨੇ 5 ਅਪ੍ਰੈਲ ਨੂੰ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਐੱਮ.ਡੀ.ਐੱਚ (MDH) ਸਮੂਹ ਦੇ ਤਿੰਨ ਮਸਾਲਿਆਂ ਦੇ ਮਿਸ਼ਰਣਾਂ – ਮਦਰਾਸ ਕਰੀ ਪਾਊਡਰ, ਸਾਂਭਰ ਮਸਾਲਾ ਪਾਊਡਰ ਅਤੇ ਕਰੀ ਪਾਊਡਰ – ਵਿੱਚ ਕਥਿਤ ਐਥੀਲੀਨ ਆਕਸਾਈਡ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ। ਇੱਕ ਰੁਟੀਨ ਨਿਗਰਾਨੀ ਪ੍ਰੋਗਰਾਮ ਦੌਰਾਨ ਪਤਾ ਲੱਗਾ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਭਾਰਤੀ ਮਸਾਲਾ ਬ੍ਰਾਂਡ ਨੂੰ ਵਿਦੇਸ਼ਾਂ ਵਿੱਚ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। 2023 ਵਿੱਚ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਨੇ ਸਾਲਮੋਨੇਲਾ ਦੀ ਮੌਜੂਦਗੀ ਕਾਰਨ ਐਵਰੈਸਟ ਉਤਪਾਦਾਂ ਨੂੰ ਹਟਾਉਣ ਦਾ ਆਦੇਸ਼ ਦਿੱਤਾ।

Scroll to Top