July 7, 2024 7:05 pm
G20 Summit

ਪੁਤਿਨ ਤੋਂ ਬਾਅਦ ਹੁਣ ਚੀਨੀ ਰਾਸ਼ਟਰਪਤੀ ਨੇ G-20 ਸੰਮੇਲਨ ਤੋਂ ਬਣਾਈ ਦੂਰੀ, ਸ਼ਮੂਲੀਅਤ ‘ਤੇ ਸਸਪੈਂਸ ਬਰਕਰਾਰ

ਚੰਡੀਗੜ੍ਹ, 31 ਅਗਸਤ, 2023: ਭਾਰਤ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 8 ਤੋਂ 10 ਸਤੰਬਰ ਤੱਕ ਹੋਣ ਵਾਲੇ ਜੀ-20 ਸੰਮੇਲਨ (G20 Summit) ਲਈ ਲਗਭਗ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਕਈ ਦੇਸ਼ਾਂ ਤੋਂ ਆਉਣ ਵਾਲੇ ਰਾਸ਼ਟਰੀ ਪ੍ਰਧਾਨ ਅਤੇ ਹੋਰ ਵੀਵੀਆਈਪੀ ਆਗੂਆਂ ਦੇ ਸਵਾਗਤ ਤੋਂ ਲੈ ਕੇ ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਤੱਕ ਸਭ ਕੁਝ ਠੀਕ-ਠਾਕ ਕੀਤਾ ਜਾ ਰਿਹਾ ਹੈ ਪਰ ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ-20 ਦੀ ਬੈਠਕ ‘ਚ ਸ਼ਾਮਲ ਨਹੀਂ ਹੋਣਗੇ। ਨਿਊਜ਼ ਏਜੰਸੀ ਰਾਇਟਰਜ਼ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ੀ ਜਿਨਪਿੰਗ ਜੀ-20 ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।

ਰਾਇਟਰਜ਼ ਨੇ ਰਿਪੋਰਟ ਦਿੱਤੀ ਕਿ ਚੀਨ ਵਿਚ ਤਾਇਨਾਤ ਇਕ ਡਿਪਲੋਮੈਟ ਅਤੇ ਜੀ-20 (G20 Summit) ਦੇ ਇਕ ਹੋਰ ਅਧਿਕਾਰੀ (ਦੋ ਭਾਰਤੀ ਅਧਿਕਾਰੀਆਂ) ਨੇ ਸੰਕੇਤ ਦਿੱਤਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ-20 ਬੈਠਕ ਵਿਚ ਸ਼ਾਮਲ ਨਹੀਂ ਹੋਣਗੇ ਅਤੇ ਉਨ੍ਹਾਂ ਦੀ ਥਾਂ ਪ੍ਰੀਮੀਅਰ ਲੀ ਕਿਆਂਗ ਨੂੰ ਬੀਜਿੰਗ ਦੇ ਪ੍ਰਤੀਨਿਧੀ ਵਜੋਂ ਨਵੀਂ ਦਿੱਲੀ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਹਿੰਦੁਸਤਾਨ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, “ਕੱਲ੍ਹ (ਬੁੱਧਵਾਰ) ਤੱਕ, ਜੀ-20 ਸੰਮੇਲਨ ਵਿੱਚ ਚੀਨੀ ਰਾਸ਼ਟਰਪਤੀ ਦੀ ਸ਼ਮੂਲੀਅਤ ਬਾਰੇ ਕੋਈ ਪੁਸ਼ਟੀ ਨਹੀਂ ਹੋਈ।”