ਚੰਡੀਗੜ੍ਹ, 17 ਜੂਨ 2023: ਲੁਧਿਆਣਾ ਤੋਂ ਬਾਅਦ ਹੁਣ ਜਲੰਧਰ (Jalandhar) ਦੀ ਇੱਕ ਫੈਕਟਰੀ ਵਿੱਚੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਲਾਡੋਵਾਲੀ ਰੋਡ ਨੇੜੇ ਨਿਊ ਦਸਮੇਸ਼ ਨਗਰ ‘ਚ ਬਰਫ਼ ਫੈਕਟਰੀ ‘ਚੋਂ ਗੈਸ ਲੀਕ ਹੋ ਗਈ, ਜਿਸ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ। ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਨੂੰ ਸਾਹ ਲੈਣ ‘ਚ ਦਿੱਕਤ ਆਉਣ ਲੱਗੀ ਅਤੇ ਅੱਖਾਂ ‘ਚ ਜਲਨ ਹੋਣ ਲੱਗੀ। ਇਸ ਦੇ ਨਾਲ ਹੀ ਕੁਝ ਲੋਕਾਂ ਦੀ ਸਿਹਤ ਵੀ ਖਰਾਬ ਹੋਣ ਦੀ ਖ਼ਬਰ ਹੈ |
ਇਲਾਕਾ ਵਾਸੀਆਂ ਨੇ ਦੱਸਿਆ ਕਿ ਰਾਤ 8 ਵਜੇ ਤੋਂ ਗੈਸ ਲੀਕ ਹੋ ਰਹੀ ਹੈ। ਇਸ ਗੈਸ ਕਾਰਨ ਸਾਡੀਆਂ ਅੱਖਾਂ ‘ਚ ਜਲਣ ਸ਼ੁਰੂ ਹੋ ਗਈ ਅਤੇ ਸਾਹ ਲੈਣ ‘ਚ ਤਕਲੀਫ ਹੋਣ ਲੱਗੀ, ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਉਲਟੀਆਂ ਵੀ ਹੋਣ ਲੱਗੀਆਂ। ਦਸਮੇਸ਼ ਨਗਰ ਦੇ ਮਨਿੰਦਰ ਸ਼ਿੰਪੂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਦਸਮੇਸ਼ ਨਗਰ ਵਿੱਚ ਸੂਰਿਆ ਕੋਲਡ ਸਟੋਰ ਹੈ ਜਿੱਥੋਂ ਹਰ 10 ਦਿਨਾਂ ਬਾਅਦ ਗੈਸ ਲੀਕ ਹੁੰਦੀ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਕੋਲਡ ਸਟੋਰ ਦੇ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਉਸ ਦੀ ਫੈਕਟਰੀ ਵਿੱਚੋਂ ਕੋਈ ਗੈਸ ਲੀਕ ਨਹੀਂ ਹੋਈ। ਗਟਰ ਦੀ ਬਲੋਕਕੇਜ ਹੋਣ ਕਾਰਨ ਗੈਸ ਲੀਕ ਹੋ ਰਹੀ ਹੈ।