ਚੰਡੀਗੜ੍ਹ, 1 ਸਤੰਬਰ 2023 : ਭਾਰਤ ਤੋਂ ਬਾਅਦ ਹੁਣ ਫਿਲੀਪੀਨਜ਼, ਵੀਅਤਨਾਮ, ਮਲੇਸ਼ੀਆ ਅਤੇ ਤਾਇਵਾਨ ਨੇ ਵੀ ਚੀਨ ਦੇ ਵਿਵਾਦਿਤ ਨਕਸ਼ੇ (Chinese map) ਦਾ ਵਿਰੋਧ ਕੀਤਾ ਹੈ। ਇਨ੍ਹਾਂ ਦੇਸ਼ਾਂ ਨੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਫਿਲੀਪੀਨਜ਼ ਨੇ ਕਿਹਾ- ਚੀਨ ਨੂੰ ਜ਼ਿੰਮੇਵਾਰ ਫੈਸਲੇ ਲੈਂਦੇ ਹੋਏ ਅੰਤਰਰਾਸ਼ਟਰੀ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ ਹੈ। ਮਲੇਸ਼ੀਆ ਨੇ ਨਕਸ਼ੇ ਨੂੰ ਲੈ ਕੇ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ।
ਨਕਸ਼ੇ ‘ਚ ਚੀਨ ਨੇ ਹੈਨਾਨ ਟਾਪੂ ਤੋਂ 1500 ਕਿਲੋਮੀਟਰ ਦੱਖਣ ‘ਚ ਯੂ-ਆਕਾਰ ਵਾਲੀ ਰੇਖਾ ਦਿਖਾਈ ਹੈ। ਇਹ ਲਾਈਨ ਵੀਅਤਨਾਮ, ਫਿਲੀਪੀਨਜ਼, ਬਰੂਨੇਈ ਅਤੇ ਇੰਡੋਨੇਸ਼ੀਆ ਦੇ ਵਿਸ਼ੇਸ਼ ਆਰਥਿਕ ਖੇਤਰਾਂ ਵਿੱਚੋਂ ਲੰਘਦੀ ਹੈ। ਚੀਨ ਦੇ ਇਸ ਨਵੇਂ ਨਕਸ਼ੇ ਵਿੱਚ ਜ਼ਿਆਦਾ ਭੂਗੋਲਿਕ ਖੇਤਰ ਸ਼ਾਮਲ ਕੀਤਾ ਗਿਆ ਹੈ। ਇਸ ‘ਚ 10 ਡੈਸ਼ ਲਾਈਨ ਹੈ, ਜਿਸ ਰਾਹੀਂ ਚੀਨ ਨੇ ਤਾਇਵਾਨ ਨੂੰ ਆਪਣਾ ਹਿੱਸਾ ਦਿਖਾਇਆ ਹੈ। ਇਹ ਨਕਸ਼ਾ 1948 ਵਿੱਚ ਜਾਰੀ ਕੀਤੇ ਨਕਸ਼ੇ ਵਰਗਾ ਹੈ।