ਫਤਿਹਗੜ੍ਹ ਸਾਹਿਬ, 23 ਅਪ੍ਰੈਲ 2025: ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ (Bassi Pathana) ‘ਚ ਇੱਕ ਪਰਿਵਾਰ ਨੇ ਮਨੁੱਖਤਾ ਦੀ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ, ਜਿੱਥੇ ਤਿੰਨ ਜਣਿਆਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ | ਦਰਅਸਲ, ਬੀਸੀਏ ਦੀ ਵਿਦਿਆਰਥਣ ਹਰਪ੍ਰੀਤ ਕੌਰ ਦੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ।
ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹਰਪ੍ਰੀਤ ਛੱਤ ‘ਤੇ ਸੁੱਕਣੇ ਪਾਏ ਕੱਪੜੇ ਉਤਾਰ ਰਹੀ ਸੀ, ਇਸ ਦੌਰਾਨ ਉਹ ਛੱਤ ਤੋਂ ਗਲਤੀ ਨਾਲ ਡਿੱਗ ਪਈ | ਉਸਨੂੰ ਪੀਜੀਆਈ ਚੰਡੀਗੜ੍ਹ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਹਰਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ | ਪਰਿਵਾਰ ਨੇ ਉਸਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ।
ਹਰਪ੍ਰੀਤ ਕੌਰ ਪਰਿਵਾਰ ਦੀ ਸਭ ਤੋਂ ਵੱਡੀ ਬੱਚੀ ਸੀ, ਉਸਦੇ ਪਿਤਾ ਸੁਰਿੰਦਰ ਸਿੰਘ ਇੱਕ ਮੋਟਰ ਮਕੈਨਿਕ ਹਨ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਹਰਪ੍ਰੀਤ ਨੂੰ ਬਚਾਇਆ ਨਹੀਂ ਜਾ ਸਕਿਆ। ਪਰਿਵਾਰ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਜੇਕਰ ਧੀ ਨਹੀਂ ਬਚੀ, ਤਾਂ ਉਹ ਉਸਦੇ ਅੰਗ ਦਾਨ ਕਰ ਦੇਣਗੇ। ਇਸ ਫੈਸਲੇ ਤੋਂ ਬਾਅਦ, ਹਰਪ੍ਰੀਤ ਦੇ ਦੋਵੇਂ ਗੁਰਦੇ ਅਤੇ ਜਿਗਰ ਦਾਨ ਕਰ ਦਿੱਤੇ । ਇਨ੍ਹਾਂ ਅੰਗਾਂ ਤੋਂ ਤਿੰਨ ਜਣਿਆਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ।
ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਵੱਲੋਂ ਕੀਤੇ ਗਏ ਇਸ ਮਹਾਨ ਦਾਨ ‘ਤੇ ਮਾਣ ਹੈ। ਉਨ੍ਹਾਂ ਨੇ ਖੁਦ ਆਪਣੀ ਮੌਤ ਤੋਂ ਬਾਅਦ ਆਪਣੇ ਅੰਗ ਦਾਨ ਕਰਨ ਦਾ ਪ੍ਰਣ ਲਿਆ ਹੈ। ਇਸ ਪਹਿਲਕਦਮੀ ਦੀ ਸਮਾਜ ‘ਚ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
Read More: CM ਨਾਇਬ ਸੈਣੀ ਨੇ ਪਹਿਲਗਾਮ ਹ.ਮ.ਲੇ ‘ਚ ਜਾਨ ਗਵਾਉਣ ਵਾਲੇ ਵਿਨੈ ਨਰਵਾਲ ਦੇ ਪਰਿਵਾਰ ਨਾਲ ਕੀਤੀ ਗੱਲਬਾਤ