Site icon TheUnmute.com

CM ਚਿਹਰਾ ਐਲਾਨਣ ਤੋਂ ਬਾਅਦ ਹਾਈਕਮਾਨ ਨੂੰ ਲੈ ਕੇ ਸਿੱਧੂ ਨੇ ਕਹੀ ਇਹ ਗੱਲ

ਸਿੱਧੂ

ਚੰਡੀਗੜ੍ਹ, 7 ਫ਼ਰਵਰੀ 2022 : ਕਾਂਗਰਸ ਹਾਈਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਦੇ ਨਾਲ ਖੜੇ ਹਨ ਅਤੇ ਨਾਲ ਖੜੇ ਰਹਿਣਗੇ। ਉਹ ਹਾਈਕਮਾਂਡ ਦੇ ਨਾਲ ਹਨ, ਪਾਰਟੀ ਦਾ ਹਰ ਫੈਸਲਾ ਪ੍ਰਵਾਨ ਹੈ, ਪਰ ਉਹ ਹਾਈਕਮਾਂਡ ਨਾਲੋਂ ਦੁੱਗਣੇ ਪੰਜਾਬ ਦੇ ਨਾਲ ਹਨ। ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਦਾ ਭਲਾ ਕਰਨਾ ਹੈ ਤਾਂ ਪੰਜਾਬ ਮਾਡਲ  ਤੋਂ ਹੀ ਚੰਗੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਮਾਡਲ ਨੂੰ ਆਪਣੀ ਫੇਸਬੁੱਕ ‘ਤੇ ਵੀ ਸ਼ੇਅਰ ਕਰਨਗੇ। ਉਹ ਪਹਿਲਾਂ ਹੀ ਕਾਂਗਰਸ ਨੂੰ ਪੰਜਾਬ ਮਾਡਲ ਦੇ ਚੁੱਕੇ ਹਨ। ਹੁਣ ਜਦੋਂ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਚੰਨੀ ਕੋਲ ਹੁਣ ਪੰਜਾਬ ਮਾਡਲ ਲਾਗੂ ਕਰਨ ਦੀ ਤਾਕਤ ਹੈ। ਵਿਰੋਧੀ ਜੋ ਮਰਜ਼ੀ ਕਰਨ, ਹੁਣ ਫੈਸਲਾ ਲੋਕਾਂ ਦੇ ਹੱਥ ਹੈ।

ਸਿੱਧੂ ਨੇ ਕਿਹਾ ਕਿ ਅੱਜ ਹੱਕਾਂ ਦੀ ਲੜਾਈ ਹੈ। ਇੱਕ ਪਾਸੇ ਮਾਫੀਆ ਤੇ ਦੂਜੇ ਪਾਸੇ ਨਵਜੋਤ ਸਿੱਧੂ। ਇਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਜਿੰਨਾ ਵਿਕਾਸ ਉਨ੍ਹਾਂ ਵੱਲੋਂ ਗੋਦ ਲਏ ਪਿੰਡ ਵਿੱਚ ਹੋਇਆ ਹੈ, ਓਨਾ ਕਿਸੇ ਹੋਰ ਪਿੰਡ ਵਿੱਚ ਨਹੀਂ ਹੋਇਆ। ਅੱਗੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਸ ਵਾਰ ਵੋਟਾਂ ਵਿੱਚ ਅਕਾਲੀ ਦਲ ਨਾਲ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ ਹੈ। ਕਾਂਗਰਸ ਦਾ ਮੁਕਾਬਲਾ ਸਿਰਫ਼ ਆਮ ਆਦਮੀ ਪਾਰਟੀ ਨਾਲ ਹੈ। ਅਕਾਲੀ ਦਲ  ਗੁਰੂ ਦਾ ਦੋਸ਼ੀ ਹੈ, ਜਿਸ ਨੇ ਪੰਜਾਬ ਨੂੰ ਗਿਰਵੀ ਰੱਖਿਆ।

Exit mobile version