ਚੰਡੀਗੜ੍ਹ, 03 ਜੂਨ 2024: ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਦੇਸ਼ ਦੀਆਂ ਦੋ ਵੱਡੀਆਂ ਦੁੱਧ ਉਤਪਾਦਕ ਕੰਪਨੀਆਂ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਪਹਿਲਾਂ ਅਮੂਲ ਨੇ ਦੁੱਧ ਦੀ ਕੀਮਤ ਦੋ ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਸੀ। ਇਸ ਤੋਂ ਠੀਕ 12 ਘੰਟੇ ਬਾਅਦ ਮਦਰ ਡੇਅਰੀ (Mother Dairy) ਨੇ ਵੀ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ।
ਕੰਪਨੀ ਮੁਤਾਬਕ ਮਦਰ ਡੇਅਰੀ (Mother Dairy) ਨੇ 3 ਜੂਨ ਤੋਂ ਤਾਜ਼ੇ ਪਾਊਚ ਦੁੱਧ (ਹਰ ਤਰ੍ਹਾਂ ਦੇ) ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐਮਐਮਐਫ) ਨੇ ਕਿਹਾ ਸੀ ਕਿ ਦੁੱਧ ਦੀ ਸੰਚਾਲਨ ਅਤੇ ਉਤਪਾਦਨ ਦੀ ਕੁੱਲ ਲਾਗਤ ਵਿੱਚ ਵਾਧੇ ਦੇ ਮੱਦੇਨਜ਼ਰ, ਸੋਮਵਾਰ ਤੋਂ ਅਮੂਲ ਦੁੱਧ ਦੀਆਂ ਸਾਰੀਆਂ ਕਿਸਮਾਂ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਦੇਸ਼ ਭਰ ਦੇ ਸਾਰੇ ਬਾਜ਼ਾਰਾਂ ‘ਚ ਅਮੂਲ ਦੁੱਧ ਦੇ ਪਾਊਚ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧ ਜਾਵੇਗੀ।