ਅਫਗਾਨਿਸਤਾਨ, 02 ਸਤੰਬਰ 2025: Afghanistan earthquake: ਪੂਰਬੀ ਅਫਗਾਨਿਸਤਾਨ ‘ਚ ਆਏ ਭਿਆਨਕ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 900 ਹੋ ਗਈ ਹੈ। ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਹਾਦਸੇ ‘ਚ ਹੁਣ ਤੱਕ ਲਗਭੱਗ 3,000 ਜਣੇ ਜ਼ਖਮੀ ਹੋਏ ਹਨ, ਅਤੇ ਰਾਹਤ ਟੀਮਾਂ ਮਲਬੇ ਹੇਠ ਫਸੇ ਲੋਕਾਂ ਨੂੰ ਕੱਢਣ ‘ਚ ਲੱਗੀਆਂ ਹੋਈਆਂ ਹਨ।
ਇਹ ਵਿਨਾਸ਼ਕਾਰੀ ਭੂਚਾਲ ਐਤਵਾਰ ਦੇਰ ਰਾਤ ਆਇਆ ਅਤੇ ਇਸਦੀ ਤੀਬਰਤਾ 6.0 ਮਾਪੀ ਗਈ। ਇਹ ਭੂਚਾਲ ਇੱਕ ਪਹਾੜੀ ਖੇਤਰ ‘ਚ ਆਇਆ, ਜਿਸ ਕਾਰਨ ਕਈ ਪਿੰਡਾਂ ਦੇ ਘਰ ਪੂਰੀ ਤਰ੍ਹਾਂ ਢਹਿ ਗਏ ਅਤੇ ਲੋਕ ਘੰਟਿਆਂ ਤੱਕ ਮਲਬੇ ਹੇਠ ਦੱਬੇ ਰਹੇ। ਅਫਗਾਨਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਬੁਲਾਰੇ ਯੂਸਫ਼ ਹਮਾਦ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ, ਜ਼ਖਮੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਇਸ ਲਈ ਇਹ ਅੰਕੜੇ ਹੋਰ ਵੀ ਬਦਲ ਸਕਦੇ ਹਨ।
ਉਨ੍ਹਾਂ ਕਿਹਾ ਕਿ ਕੁਝ ਖੇਤਰਾਂ ‘ਚ ਭੂਚਾਲ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ ਸੜਕਾਂ ਬੰਦ ਹੋ ਗਈਆਂ। ਹਾਲਾਂਕਿ, ਹੁਣ ਬਹੁਤ ਸਾਰੀਆਂ ਸੜਕਾਂ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ ਅਤੇ ਬਾਕੀ ਰਸਤੇ ਛੇਤੀ ਹੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਖੇਤਰਾਂ ਤੱਕ ਪਹੁੰਚਿਆ ਜਾ ਸਕੇ ਜਿੱਥੇ ਜਾਣਾ ਅਜੇ ਵੀ ਮੁਸ਼ਕਿਲ ਹੈ।
ਅਫਗਾਨਿਸਤਾਨ ‘ਚ 6.0 ਤੀਬਰਤਾ ਵਾਲੇ ਭੂਚਾਲ ਨੇ ਨੰਗਰਹਾਰ ਸੂਬੇ ਦੇ ਨੇੜੇ ਕੁਨਾਰ ਸੂਬੇ ਅਤੇ ਗੁਆਂਢੀ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਭਾਰੀ ਨੁਕਸਾਨ ਹੋਇਆ। ਇਸ ਤੋਂ ਬਾਅਦ ਵੀ ਇਲਾਕੇ ‘ਚ ਕਈ ਝਟਕੇ ਮਹਿਸੂਸ ਹੁੰਦੇ ਰਹੇ।
ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ ‘ਤੇ ਪ੍ਰਸਾਰਿਤ ਵੀਡੀਓ ਫੁਟੇਜ ‘ਚ ਬਚਾਅ ਕਰਮਚਾਰੀ ਜ਼ਖਮੀਆਂ ਨੂੰ ਢਹਿ-ਢੇਰੀ ਹੋਈਆਂ ਇਮਾਰਤਾਂ ਤੋਂ ਸਟ੍ਰੈਚਰ ‘ਤੇ ਹੈਲੀਕਾਪਟਰਾਂ ਤੱਕ ਲਿਜਾਂਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਬਹੁਤ ਸਾਰੇ ਲੋਕ ਆਪਣੇ ਹੱਥਾਂ ਨਾਲ ਮਲਬਾ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜ਼ਿਆਦਾਤਰ ਜ਼ਖਮੀ ਕੁਨਾਰ ਸੂਬੇ ‘ਚ ਹੋਏ ਹਨ।
ਭਾਰਤ ਨੇ ਅਫਗਾਨਿਸਤਾਨ ਨੂੰ ਰਾਹਤ ਸਮੱਗਰੀ ਅਤੇ ਮਾਨਵਤਾਵਾਦੀ ਸਹਾਇਤਾ ਭੇਜੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਭਾਰਤ ਨੇ ਅਫਗਾਨਿਸਤਾਨ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਹੈ। ਐਕਸ ‘ਤੇ ਇੱਕ ਪੋਸਟ ‘ਚ ਵਿਦੇਸ਼ ਮੰਤਰਾਲੇ ਨੇ ਚੌਲਾਂ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਬੋਰੀਆਂ ਨਾਲ ਭਰੇ ਟਰੱਕਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਭਾਰਤ ਨੇ ਕਾਬੁਲ ‘ਚ 1000 ਪਰਿਵਾਰਾਂ ਲਈ ਤੰਬੂ ਭੇਜੇ ਹਨ। ਭਾਰਤੀ ਮਿਸ਼ਨ ਦੁਆਰਾ ਕਾਬੁਲ ਤੋਂ ਕੁਨਾਰ ਤੱਕ 15 ਟਨ ਖਾਣ-ਪੀਣ ਦੀਆਂ ਚੀਜ਼ਾਂ ਵੀ ਹਵਾਈ ਜਹਾਜ਼ ਰਾਹੀਂ ਭੇਜੀਆਂ ਜਾ ਰਹੀਆਂ ਹਨ। ਕੱਲ੍ਹ ਤੋਂ ਭਾਰਤ ਤੋਂ ਹੋਰ ਰਾਹਤ ਸਮੱਗਰੀ ਭੇਜੀ ਜਾਵੇਗੀ।
Read More: Earthquake: ਦਿੱਲੀ ਅਤੇ ਹਰਿਆਣਾ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ