July 7, 2024 6:56 pm
Afghan youth

ਅਫ਼ਗਾਨੀ ਨੌਜਵਾਨ ਦੀ ਸਤਲੁਜ ਦਰਿਆ ‘ਚ ਡੁੱਬਣ ਕਾਰਨ ਮੌਤ, ਰੁਜ਼ਗਾਰ ਦੀ ਭਾਲ ‘ਚ ਆਇਆ ਸੀ ਭਾਰਤ

ਚੰਡੀਗੜ੍ਹ, 09 ਮਾਰਚ 2024: ਨਵਾਂਸ਼ਹਿਰ ਦੀ ਕਾਠਗੜ੍ਹ ਪੁਲਿਸ ਨੇ ਛੇਵੇਂ ਦਿਨ ਸਤਲੁਜ ਦਰਿਆ ਵਿੱਚ ਡੁੱਬਣ ਵਾਲੇ ਅਫ਼ਗਾਨ ਨੌਜਵਾਨ (Afghan youth) ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਈਅਦ ਮੁਸਤਫਾ ਵਜੋਂ ਹੋਈ ਹੈ। ਇਹ ਨੌਜਵਾਨ ਆਪਣੇ ਚਾਰ ਦੋਸਤਾਂ ਨਾਲ ਸਤਲੁਜ ਦਰਿਆ ‘ਚ ਨਹਾਉਣ ਆਇਆ ਸੀ, ਜਿੱਥੇ ਉਹ ਪਾਣੀ ਦੇ ਵਹਾਅ ‘ਚ ਰੁੜ੍ਹ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਭਾਰਤ ਆਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਰਖਵਾ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਜਾਣਕਾਰੀ ਦਿੰਦਿਆਂ ਥਾਣਾ ਕਾਠਗੜ੍ਹ ਦੇ ਇੰਚਾਰਜ ਪਵਿੱਤਰ ਸਿੰਘ, ਪੁਲਿਸ ਚੌਕੀ ਜਵਾਬ ਦੇ ਇੰਚਾਰਜ ਏ.ਐੱਸ.ਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਦੀ ਪਛਾਣ ਸਈਦ ਮੁਸਤਫਾ (28) ਪੁੱਤਰ ਹੁਸੈਨ ਮੁਸਤਫਾ ਵਾਸੀ ਅਫਗਾਨਿਸਤਾਨ, ਹਾਲ ਵਾਸੀ ਏਕਮਜੋਤ ਕਲੋਨੀ, ਮੋਹਾਲੀ ਵਜੋਂ ਹੋਈ ਹੈ।

ਉਨ੍ਹਾਂ ਨੇ ਦੱਸਿਆ ਕਿ ਨੌਜਵਾਨ (Afghan youth) ਰੁਜ਼ਗਾਰ ਦੀ ਭਾਲ ‘ਚ ਅਫਗਾਨਿਸਤਾਨ ਤੋਂ ਮੋਹਾਲੀ ਆਏ ਸਨ ਅਤੇ ਮੋਹਾਲੀ ਦੀ ਏਕਮਜੋਤ ਕਾਲੋਨੀ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸਨ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ। ਜਦਕਿ ਬਾਕੀ ਅਜੇ ਵੀ ਰੁਜ਼ਗਾਰ ਦੀ ਤਲਾਸ਼ ਵਿੱਚ ਹਨ।

3 ਮਾਰਚ ਐਤਵਾਰ ਨੂੰ ਚਾਰੋਂ ਟੈਕਸੀ ਲੈ ਕੇ ਸਤਲੁਜ ਦਰਿਆ ਨੇੜੇ ਸੈਰ ਕਰਨ ਆਏ। ਇਸ ਮੌਕੇ ਸਈਅਦ ਮੁਸਤਫਾ ਪੁੱਤਰ ਹੁਸੈਨ ਮੁਸਤਫਾ, ਅਹਿਮਦ ਸ਼ਮੀਦ ਪੁੱਤਰ ਅਬਦੁਲ ਸ਼ਮੀਦ, ਗੁਲਾਮ ਹੈਦਰ ਪੁੱਤਰ ਗੁਲਾਮ ਹਜ਼ਰਤ, ਰੋਮਨ ਸਤਾਰ ਪੁੱਤਰ ਅਬਦੁਲ ਸਤਾਰ ਨਹਾਉਣ ਗਏ ਸਨ । ਤਿੰਨ ਸਤਲੁਜ ਦਰਿਆ ਦੇ ਪਾਣੀ ਵਿੱਚੋਂ ਵਾਪਸ ਆ ਗਏ ਜਦਕਿ ਸਈਅਦ ਮੁਸਤਫਾ ਪਾਣੀ ਵਿੱਚੋਂ ਬਾਹਰ ਨਹੀਂ ਆਇਆ। ਨੌਜਵਾਨਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਜਦੋਂ ਉਹ ਲਾਪਤਾ ਹੋ ਗਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ, ਅੱਜ ਲਗਪਗ ਛੇਵੇਂ ਉਕਤ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ |