ਚੰਡੀਗੜ੍ਹ, 12 ਫਰਵਰੀ 2025: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Advocate Harpreet Sandhu) ਨੇ ਬੀਤੇ ਦਿਨ ਪੰਜਾਬ ਰਾਜ ਭਵਨ ਵਿਖੇ ਐਡਵੋਕੇਟ ਹਰਪ੍ਰੀਤ ਸੰਧੂ ਅਤੇ ਪੂਜਾ ਗੁਪਤਾ (Pooja Gupta) ਨੂੰ ਪੰਜਾਬ ਰਾਜ ਸੂਚਨਾ ਅਧਿਕਾਰ ਕਮਿਸ਼ਨ ਦੇ ਰਾਜ ਸੂਚਨਾ ਕਮਿਸ਼ਨਰਾਂ (State Information Commissioners) ਵਜੋਂ ਸਹੁੰ ਚੁਕਾਈ ਗਈ ਸੀ।
ਇਸਦੇ ਨਾਲ ਹੀ ਸਹੁੰ ਚੁੱਕਣ ਤੋਂ ਬਾਅਦ ਐਡਵੋਕੇਟ ਹਰਪ੍ਰੀਤ ਸੰਧੂ ਅਤੇ ਪੂਜਾ ਗੁਪਤਾ ਨੇ ਰਾਜ ਸੂਚਨਾ ਕਮਿਸ਼ਨਰਾਂ ਵਜੋਂ ਅਹੁਦੇ ਸਾਂਭ ਲਏ | ਇਸ ਮੌਕੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ, ਰਾਜ ਸੂਚਨਾ ਕਮਿਸ਼ਨਰ ਡਾ. ਭੁਪਿੰਦਰ ਸਿੰਘ, ਸੰਦੀਪ ਸਿੰਘ ਧਾਲੀਵਾਲ ਅਤੇ ਵਰਿੰਦਰਜੀਤ ਸਿੰਘ ਬਿਲਿੰਗਵੀ ਹਾਜ਼ਰ ਰਹੇ |
ਜਿਕਰਯੋਗ ਹੈ ਕਿ ਐਡਵੋਕੇਟ ਹਰਪ੍ਰੀਤ ਸੰਧੂ (Advocate Harpreet Sandhu) ਇੱਕ ਪ੍ਰਸਿੱਧ ਵਕੀਲ, ਵਾਤਾਵਰਣ ਪ੍ਰੇਮੀ, ਨੇਚਰ ਆਰਟਿਸਟ ਅਤੇ ਲੇਖਕ ਹਨ। ਇਸ ਤੋਂ ਪਹਿਲਾਂ ਉਹ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾਅ ਚੁੱਕੇ ਹਨ। ਹਰਪ੍ਰੀਤ ਸੰਧੂ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਵੀ ਰਹੇ ਅਤੇ ਆਪਣੇ ਕੰਮ ਲਈ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਹਨ। ਐਡਵੋਕੇਟ ਸੰਧੂ ਨੇ ਕਾਨੂੰਨੀ ਤੁਲਨਾਤਮਕ ਅਧਿਐਨਾਂ ‘ਤੇ ਕਈ ਕਿਤਾਬਾਂ ਲਿਖੀਆਂ ਹਨ |
ਇਸਦੇ ਨਾਲ ਹੀ ਸਮਾਜ ਸੇਵਿਕਾ ਅਤੇ ਸਿੱਖਿਆ ਸ਼ਾਸਤਰੀ ਪੂਜਾ ਗੁਪਤਾ (Pooja Gupta) ਨੇ ਵੀ ਰਾਜ ਸੂਚਨਾ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਕਿਹਾ, “ਮੈਂ ਇਸ ਅਹੁਦੇ ‘ਤੇ ਨਿਯੁਕਤ ਕਰਨ ਲਈ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਮੈਂ ਪੰਜਾਬ ‘ਚ ਸੂਚਨਾ ਅਧਿਕਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸਾਰਿਆਂ ਲਈ ਜਾਣਕਾਰੀ ਤੱਕ ਬਿਹਤਰ ਪਹੁੰਚ ਯਕੀਨੀ ਬਣਾਉਣ ਲਈ ਪਾਰਦਰਸ਼ਤਾ, ਨਿਰਪੱਖਤਾ ਅਤੇ ਸਮਰਪਣ ਨਾਲ ਕੰਮ ਕਰਾਂਗੀ।”