Aditya-L1

Aditya-L1 Mission: ਚੰਦਰਯਾਨ ਦੀ ਸਫਲਤਾ ਤੋਂ ਬਾਅਦ ਸੂਰਜ ਮਿਸ਼ਨ ‘ਆਦਿਤਿਆ-ਐਲ1’ ਤਿਆਰ, ਜਾਣੋ ਕਦੋਂ ਹੋਵੇਗਾ ਲਾਂਚ

ਚੰਡੀਗੜ੍ਹ, 26 ਅਗਸਤ 2023: ਚੰਦਰ ਮਿਸ਼ਨ ਦੀ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ ਸੰਭਾਵਿਤ ਤੌਰ ‘ਤੇ 2 ਸਤੰਬਰ ਨੂੰ ਸੂਰਜ ਮਿਸ਼ਨ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਿਹਾ ਹੈ। ‘ਆਦਿਤਿਆ-ਐਲ1’ (Aditya-L1) ਪੁਲਾੜ ਯਾਨ ਸੂਰਜੀ ਕਰੋਨਾ (ਸੂਰਜ ਦੀ ਸਭ ਤੋਂ ਬਾਹਰੀ ਪਰਤਾਂ) ਦੇ ਰਿਮੋਟ ਨਿਰੀਖਣ ਲਈ ਅਤੇ L-1 (ਸੂਰਜ-ਧਰਤੀ ਲੈਗ੍ਰਾਂਜੀਅਨ ਪੁਆਇੰਟ) ‘ਤੇ ਸੂਰਜੀ ਹਵਾ ਦੀ ਸਥਿਤੀ ਦੇ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। L-1 ਧਰਤੀ ਤੋਂ ਲਗਭਗ 1.5 ਲੱਖ ਕਿਲੋਮੀਟਰ ਦੂਰ ਹੈ।

ਇਹ ਸੂਰਜ ਦਾ ਨਿਰੀਖਣ ਕਰਨ ਵਾਲਾ ਪਹਿਲਾ ਸਮਰਪਿਤ ਭਾਰਤੀ ਪੁਲਾੜ ਮਿਸ਼ਨ ਹੋਵੇਗਾ, ਜੋ ਪੁਲਾੜ ਏਜੰਸੀ ਇਸਰੋ ਦੁਆਰਾ ਲਾਂਚ ਕੀਤਾ ਜਾਵੇਗਾ। ਆਦਿਤਿਆ-ਐਲ1 ਮਿਸ਼ਨ ਦਾ ਟੀਚਾ ਐਲ-1 ਦੇ ਆਲੇ-ਦੁਆਲੇ ਚੱਕਰ ਤੋਂ ਸੂਰਜ ਦਾ ਅਧਿਐਨ ਕਰਨਾ ਹੈ। ਪੁਲਾੜ ਯਾਨ ਸੱਤ ਪੇਲੋਡਾਂ ਨੂੰ ਲੈ ਕੇ ਜਾਵੇਗਾ ਜੋ ਵੱਖ-ਵੱਖ ਵੇਵ ਬੈਂਡਾਂ ਵਿੱਚ ਫੋਟੋਸਫੀਅਰ, ਕ੍ਰੋਮੋਸਫੀਅਰ (ਸੂਰਜ ਦੀ ਦਿਸਦੀ ਸਤਹਿ ਦੇ ਬਿਲਕੁਲ ਉੱਪਰ) ਅਤੇ ਸੂਰਜ ਦੀ ਸਭ ਤੋਂ ਬਾਹਰੀ ਪਰਤ (ਕੋਰੋਨਾ) ਦਾ ਨਿਰੀਖਣ ਕਰਨ ਵਿੱਚ ਮੱਦਦ ਕਰੇਗਾ।

ਇਸਰੋ ਦੇ ਇੱਕ ਅਧਿਕਾਰੀ ਨੇ ਕਿਹਾ, ਆਦਿਤਿਆ-ਐਲ1 ਰਾਸ਼ਟਰੀ ਸੰਸਥਾਵਾਂ ਦੇ ਨਾਲ ਸਾਂਝੇਦਾਰੀ ਵਿੱਚ ਇੱਕ ਪੂਰੀ ਤਰ੍ਹਾਂ ਸਵਦੇਸ਼ੀ ਕੋਸ਼ਿਸ਼ ਹੈ। ਬੈਂਗਲੁਰੂ ਵਿਖੇ ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜ਼ਿਕਸ (IIA) ਵਿਜ਼ੀਬਲ ਐਮੀਸ਼ਨ ਲਾਈਨ ਕਰੋਨਾਗ੍ਰਾਫ ਪੇਲੋਡ ਦੇ ਨਿਰਮਾਣ ਲਈ ਪ੍ਰਮੁੱਖ ਸੰਸਥਾ ਹੈ। ਜਦੋਂ ਕਿ ਇੰਟਰ-ਯੂਨੀਵਰਸਿਟੀ ਸੈਂਟਰ ਐਂਡ ਅਸ੍ਟ੍ਰੋਫ਼ਜਿਕਸ ਪੁਣੇ ਨੇ ਮਿਸ਼ਨ ਲਈ ਸੋਲਰ ਅਲਟਰਾਵਾਇਲਟ ਇਮੇਜਰ ਪੇਲੋਡ ਵਿਕਸਿਤ ਕੀਤਾ ਹੈ।

ਆਦਿਤਿਆ-ਐਲ1 (Aditya-L1) ਅਲਟਰਾਵਾਇਲਟ ਪੇਲੋਡ ਦੀ ਵਰਤੋਂ ਕਰਕੇ ਅਤੇ ਐਕਸ-ਰੇ ਪੇਲੋਡ ਦੀ ਵਰਤੋਂ ਕਰਕੇ ਫਲੇਅਰਾਂ ਦੀ ਨਿਗਰਾਨੀ ਕਰਕੇ ਕੋਰੋਨਾ ਅਤੇ ਸੂਰਜੀ ਕ੍ਰੋਮੋਸਫੀਅਰ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ। ਪਾਰਟੀਕਲ ਡਿਟੈਕਟਰ ਅਤੇ ਮੈਗਨੇਟੋਮੀਟਰ ਪੇਲੋਡ L-1 ਦੇ ਆਲੇ ਦੁਆਲੇ ਬਾਹਰੀ ਔਰਬਿਟ ਤੱਕ ਪਹੁੰਚਣ ਵਾਲੇ ਚਾਰਜ ਕੀਤੇ ਕਣਾਂ ਅਤੇ ਚੁੰਬਕੀ ਖੇਤਰ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।

ਇਸ ਪੁਲਾੜ ਯਾਨ ਨੂੰ ਬੈਂਗਲੁਰੂ ਦੇ ਯੂਆਰ ਰਾਓ ਸੈਟੇਲਾਈਟ ਸੈਂਟਰ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਦੋ ਹਫ਼ਤੇ ਪਹਿਲਾਂ ਇਹ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿੱਚ ਇਸਰੋ ਦੇ ਪੁਲਾੜ ਅੱਡੇ ਤੱਕ ਪਹੁੰਚਿਆ ਸੀ। ਇਸਰੋ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲਾਂਚਿੰਗ 2 ਸਤੰਬਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਾੜ ਯਾਨ ਨੂੰ ਸੂਰਜ-ਧਰਤੀ ਪ੍ਰਣਾਲੀ ਵਿੱਚ L1 ਦੇ ਆਲੇ-ਦੁਆਲੇ ਇੱਕ ਬਾਹਰੀ ਚੱਕਰ ਵਿੱਚ ਰੱਖਣ ਦੀ ਯੋਜਨਾ ਹੈ।

Scroll to Top