July 7, 2024 12:38 pm
Aditya L-1

Aditya L-1: ਸ਼੍ਰੀਹਰੀਕੋਟਾ ਤੋਂ ਆਦਿਤਿਆ L1 ਲਾਂਚ, 15 ਲੱਖ ਕਿਲੋਮੀਟਰ ਦੂਰੀ ਕਰੇਗਾ ਤੈਅ

ਚੰਡੀਗੜ੍ਹ, 02 ਸਤੰਬਰ 2023: ਚੰਦਰਯਾਨ-3 ਦੀ ਕਾਮਯਾਬੀ ਤੋਂ ਬਾਅਦ ਸੂਰਜ ਦਾ ਰਹੱਸ ਬਹੁਤ ਜਲਦੀ ਸਾਹਮਣੇ ਆਉਣ ਵਾਲਾ ਹੈ। ਇਸਰੋ ਦਾ ਆਦਿਤਿਆ L1 (Aditya L-1) ਉਪਗ੍ਰਹਿ ਸ਼੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਸਥਿਤ ਸਤੀਸ਼ ਧਵਨ ਸਪੇਸ ਸੈਂਟਰ (SDSC) ਤੋਂ ਸਫ਼ਲਤਾ ਪੂਰਵਕ ਲਾਂਚ ਕਰ ਦਿੱਤਾ |

ਇਸਰੋ ਸਭ ਤੋਂ ਭਰੋਸੇਮੰਦ ਰਾਕੇਟ PSLV-C57 ਰਾਹੀਂ ਆਦਿਤਿਆ L-1 ਲਾਂਚ ਕੀਤਾ ਹੈ। ਸੂਰਜ ਦੇ ਅਧਿਐਨ ਲਈ, ‘ਆਦਿਤਿਆ ਐਲ1’ ਨੂੰ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ‘ਲੈਗ੍ਰਾਂਜਿਅਨ-1’ ਬਿੰਦੂ ਤੱਕ ਪਹੁੰਚਣ ਲਈ 125 ਦਿਨ ਲੱਗਣਗੇ। ਇਹ ਮਿਸ਼ਨ ਅਜਿਹੇ ਸਮੇਂ ਭੇਜਿਆ ਜਾ ਰਿਹਾ ਹੈ ਜਦੋਂ ਭਾਰਤ ਨੇ 23 ਅਗਸਤ ਨੂੰ ਚੰਦਰਯਾਨ-3 ਨਾਲ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ‘ਸਾਫਟ ਲੈਂਡਿੰਗ’ ਕਰਕੇ ਇਤਿਹਾਸ ਰਚਿਆ ਸੀ।

ਚੰਦਰਯਾਨ-3 ਦੇ ਸਫਲ ਮਿਸ਼ਨ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ‘ਤੇ ਟਿਕੀਆਂ ਹੋਈਆਂ ਹਨ ਅਤੇ ਸਾਰਿਆਂ ਨੂੰ ਉਮੀਦ ਹੈ ਕਿ ਭਾਰਤ ਵੀ ਇਸ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕਰੇਗਾ।

ਆਦਿਤਿਆ-L1 (Aditya L-1) ਮਿਸ਼ਨ ਕੀ ਹੈ ?

ਭਾਰਤ ਨੇ ਆਪਣੇ ਉਪਗ੍ਰਹਿ ਨੂੰ ਲੈਗ੍ਰਾਂਜਿਅਨ-1 ਪੁਆਇੰਟ ‘ਤੇ ਰੱਖਣ ਲਈ ਆਦਿਤਿਆ-ਐਲ1 ਮਿਸ਼ਨ ਲਾਂਚ ਕੀਤਾ ਹੈ। ਇਸ ਵਾਹਨ ਨੂੰ ਸੂਰਜ ਅਤੇ ਧਰਤੀ ਦੇ ਵਿਚਕਾਰ ਗਰੈਵੀਟੇਸ਼ਨਲ ਸਿਸਟਮ ਦੇ ਲੈਗ੍ਰਾਂਜਿਅਨ ਬਿੰਦੂ ਦੇ ਦੁਆਲੇ ਇੱਕ ਹੈਲੋ ਆਰਬਿਟ ਵਿੱਚ ਰੱਖਿਆ ਜਾਵੇਗਾ। ਇਹ ਆਰਬਿਟ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ, ਜਿੱਥੇ ਪੁਲਾੜ ਯਾਨ ਨੂੰ ਪਹੁੰਚਣ ਲਈ ਕੁੱਲ 4 ਮਹੀਨੇ ਲੱਗਣਗੇ।

ਸੂਰਜੀ ਗਤੀਵਿਧੀਆਂ ਦਾ ਅਧਿਐਨ ਕਰਨ ਲਈ ਆਦਿਤਿਆ-ਐਲ1 ਮਿਸ਼ਨ ਲਾਂਚ ਕੀਤਾ ਗਿਆ ਹੈ । ਪੁਲਾੜ ਯਾਨ ਦੇ ਪੇਲੋਡ ਕਾਰਕਾਂ ਦਾ ਅਧਿਐਨ ਕਰਨਗੇ ਜਿਵੇਂ ਕਿ ਕੋਰੋਨਾ, ਫੋਟੋਸਫੇਅਰ ਅਤੇ ਕ੍ਰੋਮੋਸਫੀਅਰ, ਸੂਰਜ ਦੀ ਸਭ ਤੋਂ ਬਾਹਰੀ ਪਰਤ, ਕੋਰੋਨਲ ਮਾਸ ਈਜੇਕਸਨ , ਪ੍ਰੀ-ਫਲੇਅਰ ਅਤੇ ਫਲੇਅਰ ਗਤੀਵਿਧੀਆਂ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ, ਸੂਰਜੀ ਤੂਫਾਨਾਂ ਦੀ ਉਤਪਤੀ ਆਦਿ ਦਾ ਅਧਿਐਨ ਕਰੇਗਾ। ਇਸਰੋ ਪੁਲਾੜ ਦੇ ਇਹ ਵੀ ਅਧਿਐਨ ਕਰੇਗਾ ਕਿ ਮੌਸਮ ‘ਤੇ ਸੂਰਜ ਦੀ ਗਤੀਵਿਧੀਆਂ ਦਾ ਕੀ ਪ੍ਰਭਾਵ ਪੈਂਦਾ ਹੈ |

ਇਸਰੋ ਦੇ ਇਸ ਮਿਸ਼ਨ ਦੀ ਲਾਗਤ ਚੰਦਰਯਾਨ-3 ਮਿਸ਼ਨ ਤੋਂ ਘੱਟ ਹੈ। ਇਸ ਸੋਲਰ ਮਿਸ਼ਨ ‘ਤੇ 400 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਦਕਿ ਨਾਸਾ ਵਲੋਂ ਸ਼ੁਰੂ ਕੀਤੇ ਗਏ ਸੋਲਰ ਮਿਸ਼ਨ ‘ਤੇ ਕਰੀਬ 12, 300 ਕਰੋੜ ਰੁਪਏ ਖਰਚ ਹੋਏ ਹਨ।