ਰੂਪਨਗਰ, 21 ਜਨਵਰੀ 2023: ਅੱਜ ਏ.ਡੀ.ਜੀ.ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ (Arpit Shukla) ਵਲੋਂ ਪੰਜਾਬ ਵਿੱਚ ਚਲਾਏ ਗਏ ‘ਓਪਰੇਸ਼ਨ ਈਗਲ’ ਦੇ ਮੱਦੇਨਜ਼ਰ ਰੂਪਨਗਰ ਜ਼ਿਲ੍ਹੇ ਵਿਖੇ ਮੋਰਿੰਡਾ ਬੱਸ ਸਟੈਂਡ ਤੇ ਬੇਲਾ ਚੌਂਕ ਰੋਪੜ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਐਸ.ਐਸ.ਪੀ ਰੂਪਨਗਰ ਵਿਵੇਕ ਐੱਸ ਸੋਨੀ ਦੀ ਅਗਵਾਈ ਵਿੱਚ ਲੱਗੇ ਵੱਖ-ਵੱਖ ਥਾਵਾਂ ਤੇ ਲਗਾਏ ਗਏ ਨਾਕਿਆਂ ਦਾ ਮੁਆਇਨਾ ਕੀਤਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਰਪਿਤ ਸ਼ੁਕਲਾ ਦੱਸਿਆ ਕਿ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਪੂਰੇ ਪੰਜਾਬ ਭਰ ਓਪਰੇਸ਼ਨ ਈਗਲ ਤਹਿਤ 424 ਦੇ ਕਰੀਬ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ 300 ਦੇ ਕਰੀਬ ਪੈਟਰੋਲਿੰਗ ਟੀਮਾਂ ਤੱਤਪਰ ਹਨ। ਉਨ੍ਹਾਂ ਕਿਹਾ ਕਿ ਇਸ ਓਪਰੇਸ਼ਨ ਵਿਚ ਸਾਰੇ ਉੱਚ ਪੱਧਰੀ ਪੁਲਿਸ ਅਧਿਕਾਰੀ ਤੇ ਆਈ.ਜੀ ਰੈਂਕ ਦੇ ਅਫਸਰ ਵੀ ਵੱਖ-ਵੱਖ ਨਾਕਿਆਂ ਤੇ ਜਾ ਕੇ ਇਸ ਦਾ ਨਿਰੀਖਣ ਕਰ ਰਹੇ ਹਨ।
ਉਨਾਂ ਅੱਗੇ ਦੱਸਿਆ ਇਸ ਮੁਹਿੰਮ ਤਹਿਤ ਕੀਤੀ ਗਈ ਨਾਕਾਬੰਦੀ ਉਤੇ ਨੂਰਪੁਰਬੇਦੀ ਤੋਂ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਹਿਯੋਗੀ ਓਂਕਾਰ ਸਿੰਘ ਤੋਂ 50 ਗ੍ਰਾਮ ਹੈਰੋਇਨ/ਚਿੱਟਾ ਅਤੇ ਇਕ 315 ਬੋਰ ਦਾ ਗੈਰ ਕਾਨੂੰਨੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤਾ ਗਿਆ ਹੈ। ਜਿਸ ਉਪਰੰਤ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਏ.ਡੀ.ਜੀ.ਪੀ ਨੇ ਦੱਸਿਆ ਕਿ ਇਸ ਦਾ ਉਦੇਸ਼ ਆਮ ਲੋਕਾਂ ਦੇ ਲਈ ਸੁਖਾਵਾਂ ਮਾਹੌਲ, ਲੋਕਾਂ ਵਿੱਚ ਸਹੀ ਸੋਚ ਅਤੇ ਉਸਾਰੂ ਵਿਸ਼ਵਾਸ ਪੈਦਾ ਕਰਨਾ ਹੈ ਅਤੇ ਨਾਲ ਹੀ ਸ਼ਰਾਰਤੀ ਅਨਸਰਾਂ ਉੱਤ ਨਕੇਲ ਕੱਸਣ ਅਤੇ ਕਾਬੂ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਅਪਰਾਧਿਕ ਸੋਚ ਵਾਲੇ ਗੈਰ ਸਮਾਜੀ ਤੱਤਾਂ ਵਾਲੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕਣ।
ਉਨ੍ਹਾਂ ਕਿਹਾ ਕਿ 26 ਜਨਵਰੀ ਦੇ ਸੰਬੰਧ ਵਿੱਚ ਵੀ ਪੁਲਿਸ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਤਾਂ ਕਿ ਇਸ ਮਹਾਨ ਦਿਵਸ ਨੂੰ ਪੂਰੀ ਧੂਮ-ਧਾਮ ਨਾਲ ਮਨਾਇਆ ਜਾ ਸਕੇ। ਅਤੇ ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੀ ਖਰੀਦ-ਵੇਚ ਕਰਨ ਵਾਲਿਆਂ ਉਤੇ ਪੂਰੀ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਇਸ ਚੈਕਿੰਗ ਅਤੇ ਨਾਕਾਬੰਦੀ ਦੌਰਾਨ ਅੱਜ ਖ਼ੁਦ ਏ.ਡੀ.ਜੀ.ਪੀ ਸ਼੍ਰੀ ਅਰਪਿਤ ਸ਼ੁਕਲਾ ਰੂਪਨਗਰ ਵਿੱਚ ਆਏ ਅਤੇ ਉਨ੍ਹਾਂ ਬੇਲਾ ਚੌਂਕ ਕੋਲ ਲੱਗੇ ਪੁਲਿਸ ਨਾਕੇ ਦਾ ਦੌਰਾ ਕੀਤਾ ਅਤੇ ਰੂਪਨਗਰ ਪੁਲਿਸ ਵਲੋਂ ਲਗਾਏ ਨਾਕਿਆਂ ਅਤੇ ਪੁਲਿਸ ਦੀ ਐਕਟੀਵਿਟੀ ਦਾ ਮੁਆਇਨਾ ਵੀ ਕੀਤਾ।
ਉਨ੍ਹਾਂ ਕਿਹਾ ਕਿ ਬਸੰਚ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਸ਼ਹਿਰ ਦੀਆਂ ਵੱਖ-ਵੱਖ ਪਤੰਗਾਂ ਦੀਆਂ ਦੁਕਾਨਾਂ ਦੀ ਸਰਚ ਕੀਤੀ ਜਾ ਰਹੀ ਹੈ ਅਤੇ ਡੋਰ ਵੇਚਣ ਵਾਲਿਆਂ ਦੇ ਹੋਰ ਸ਼ੱਕੀ ਟਿਕਾਣਿਆਂ ਤੇ ਪਤੰਗ ਵਾਲੇ ਗੋਦਾਮਾਂ ਤੇ ਵੀ ਰੇਡਾਂ ਕੀਤੀ ਜਾ ਰਹੀਆਂ ਹਨ।ਐਸ.ਐਸ.ਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਏ.ਡੀ.ਜੀ. ਵਲੋਂ ਮੋਰਿੰਡਾ ਹਲਕੇ ਵਿੱਚ ਲਗਾਏ ਗਏ ਨਾਕਿਆਂ ਦਾ ਦੌਰਾ ਕਰਕੇ ਸੰਤੁਸ਼ਟੀ ਪ੍ਰਗਟਾਈ। ਇਸ ਮੌਕੇ ਡੀ.ਐਸ.ਪੀ. ਸ. ਤ੍ਰਿਲੋਚਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।