ਪਰਾਲੀ ਦੀ ਸਾਂਭ ਸੰਭਾਲ

ਪਰਾਲੀ ਦੀ ਸਾਂਭ ਸੰਭਾਲ ਲਈ ਆਰੰਭੇ ਯਤਨਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ, ਬੈਲਟ ਅਪਰੇਟਰਾਂ ਅਤੇ ਸਨਅਤਾਂ ਨਾਲ ਬੈਠਕ

ਐੱਸ ਏ ਐੱਸ ਨਗਰ, 5 ਅਗਸਤ, 2023: ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਆਸ਼ਿਕਾ ਜੈਨ ਵੱਲੋਂ ਅਗਾਮੀ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪਰਾਲੀ ਦੀ ਸਾਂਭ ਸੰਭਾਲ ਲਈ ਸ਼ੁਰੂ ਕੀਤੇ ਅਗਾਊਂ ਯਤਨਾਂ ਦੇ ਹਿੱਸੇ ਵਜੋਂ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐੱਸ.ਏ.ਐੱਸ.ਨਗਰ ਅਮਿਤ ਬੈਂਬੀ ਨੇ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ, ਸਮੂਹ ਉਪ ਮੰਡਲ ਮੈਜਿਸਟਰੇਟ, ਜਿਲ੍ਹਾ / ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਬੇਲਰ ਮਾਲਕਾਂ, ਇੰਡਸਟਰੀ ਦੇ ਪ੍ਰਤੀਨਿਧਾਂ ਅਤੇ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ / ਸੈਕਟਰੀਆਂ ਨਾਲ ਝੋਨੇ ਦੀ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਲਈ ਲੋੜੀਂਦੀ ਮਸ਼ੀਨਰੀ ਬੇਲਰ ਅਤੇ ਰੈਕ ਦੀ ਵੱਧ ਤੋਂ ਵਂਧ ਸਬਸਿਡੀ ਤੇ ਖ੍ਰੀਦ ਨੂੰ ਯਕੀਨੀ ਬਨਾਉਣ ਲਈ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਹਾਜਰ ਹੋਏ ਸਹਿਕਾਰੀ ਸਭਾਵਾਂ ਦੇ ਸਕੱਤਰਾਂ/ਨਿਰਖਿਕਾਂ ਨੂੰ 15 ਅਗਸਤ, 2023 ਤੱਕ 20 ਬੇਲਰ/ ਰੈਕ ਮਸ਼ੀਨਾਂ ਲਈ ਅਰਜ਼ੀਆਂ ਦੇਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਬਸਿਡੀ ਦੀ ਰਾਸ਼ੀ ਵਧਾ ਕੇ 12 ਲੱਖ ਤੱਕ ਕਰਨ ਬਾਅਦ ਹੁਣ ਸਹਿਕਾਰੀ ਸਭਾਵਾਂ ਬਹੁਤ ਘੱਟ ਕੀਮਤ ਤੇ ਬੇਲਰ ਮਸ਼ੀਨਾਂ ਖਰੀਦ ਸਕਦੀਆਂ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀਆਂ ਮੁਸ਼ਕਲਾਵਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਯਕੀਨ ਦਿਵਾਇਆ।

ਮੀਟਿੰਗ ਵਿੱਚ ਹਾਜਰ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਪਿੰਡ ਰੰਗੀਆਂ ਅਤੇ ਕੁਲਵਿੰਦਰ ਸਿੰਘ ਪਿੰਡ ਸੋਹਾਣਾ ਨੇ ਦੱਸਿਆ ਕਿ ਉਹ ਇਸ ਸਾਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਲਗਭਗ 60 ਪਿੰਡਾਂ ਵਿੱਚੋਂ ਪਰਾਲੀ ਦੀਆਂ ਗੰਢਾਂ ਤਿਆਰ ਕਰਨਗੇ ਅਤੇ ਜੇਕਰ ਸਹਿਕਾਰੀ ਸਭਾਵਾਂ ਚਾਹੁਣ ਤਾਂ ਉਨ੍ਹਾਂ ਦੇ ਬੇਲਰ ਵੀ ਉਨ੍ਹਾਂ ਵੱਲੋਂ ਚਲਾਉਣ ਲਈ ਭਰੋਸਾ ਦਿੱਤਾ ਗਿਆ।

ਬੇਲਰ ਅਪਰੇਟਰਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਕਟਾਈ ਦੇ ਸੀਜ਼ਨ ਦੌਰਾਨ ਘੱਟ ਤੋਂ ਘੱਟ ਪੰਜ ਕਿਲੋਮੀਟਰ ਪਿੱਛੇ ਪੰਜ ਤੋਂ ਦਸ ਏਕੜ ਪੰਚਾਇਤੀ ਜ਼ਮੀਨ ਦਾ ਆਰਜ਼ੀ ਪ੍ਰਬੰਧ ਕਰਕੇ ਦੇਣ ਲਈ ਵੀ ਬੇਨਤੀ ਰੱਖੀ, ਜਿਸ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨਾਲ ਤਾਲਮੇਲ ਕਰਕੇ ਜ਼ਮੀਨ ਪ੍ਰਾਪਤ ਕਰਨ ਲਈ ਸੁਝਾਅ ਦਿੱਤਾ ਗਿਆ।

ਇਸ ਮੀਟਿੰਗ ਵਿੱਚ ਬਲਾਕ ਖੇਤੀਬਾੜੀ ਅਫਸਰ ਖਰੜ ਡਾ. ਸੰਦੀਪ ਕੁਮਾਰ ਰਿਣਵਾ, ਮਸ਼ੀਨਰੀ ਸਬੰਧੀ ਸਕੀਮ ਦੇ ਨੋਡਲ ਅਫਸਰ ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਡਾ. ਦਾਨਿਸ਼ ਕੁਮਾਰ, ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਮਾਜਰੀ, ਤਹਿਸੀਲ ਡੇਰਾਬਸੀ ਤੋਂ ਗੌਰਵ ਬਾਇਓਫਿਊਲ , ਨਾਚੀਕੇਤਾ ਪੇਪਰ ਮਿਲ ਦੇ ਪ੍ਰਤੀਨਿਧਾਂ ਅਤੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।

Scroll to Top