ਵੋਟਰ ਜਾਗਰੂਕਤਾ

ਵਧੀਕ ਡੀਸੀ ਐਸ.ਏ.ਐਸ ਨਗਰ ਨੇ ਜ਼ਿਲ੍ਹੇ ‘ਚ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਜਨਵਰੀ, 2024: ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਭਾਗੀਦਾਰੀ ਪ੍ਰੋਗਰਾਮ (ਸਵੀਪ) ਤਹਿਤ ਜਾਗਰੂਕਤਾ ਗਤੀਵਿਧੀਆਂ ਨੂੰ ਜਾਰੀ ਰੱਖਦਿਆਂ, ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਵਿਰਾਜ ਸ਼ਿਆਮਕਰਨ ਤਿੜਕੇ ਨੇ ਵੋਟਰ ਵਜੋਂ ਨਾਮ ਦਰਜ ਕਰਵਾਉਣ ਦੇ ਨਾਲ-ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇੱਕ ਐਲ ਈ ਡੀ ਜਾਗਰੂਕਤਾ ਵੈਨ ਦੀ ਸ਼ੁਰੂਆਤ ਕੀਤੀ।

ਜਾਣਕਾਰੀ ਦਿੰਦਿਆਂ ਵਿਰਾਜ ਸ਼ਿਆਮਕਰਨ ਤਿੜਕੇ ਨੇ ਦੱਸਿਆ ਕਿ ਕਿ ਇਹ ਡਿਜੀਟਲ ਵੈਨ ਹਫਤੇ ਵਿੱਚ ਦੋ ਦਿਨ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਵੇਗੀ।

ਉਨ੍ਹਾਂ ਦੱਸਿਆ ਕਿ ਐਲ.ਈ.ਡੀ. ਵੈਨ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਵੋਟਰ ਬਣਨ ਅਤੇ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਚਲਾਈ ਗਈ ਹੈ। ਇਹ ਵੈਨ ਜ਼ਿਲ੍ਹੇ ਵਿੱਚ ਪੈਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਜਿਵੇਂ ਕਿ ਖਰੜ-52, ਐਸ.ਏ.ਐਸ. ਨਗਰ-53 ਅਤੇ ਡੇਰਾਬੱਸੀ-112 ਨੂੰ ਦੋ ਦਿਨਾਂ ਲਈ ਕਵਰ ਕਰੇਗੀ।

ਉਨ੍ਹਾਂ ਕਿਹਾ ਕਿ ਆਈ ਈ ਸੀ (ਪ੍ਰਚਾਰ) ਸਮੱਗਰੀ ਅਤੇ ਜਾਗਰੂਕਤਾ ਫਿਲਮਾਂ ਦਿਖਾਉਣ ਤੋਂ ਇਲਾਵਾ, ਵੈਨ ਵਿੱਚ ਈ ਵੀ ਐਮ ਦੇ ਕੰਮਕਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਸ਼ੀਨ ਰਾਹੀਂ ਆਪਣੀ ਵੋਟ ਕਿਵੇਂ ਪਾਉਣੀ ਹੈ, ਲਈ ਇੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਵੀ ਹੈ। ਇਸ ਮੌਕੇ ਐਸ.ਡੀ.ਐਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਚੰਦਰ ਜੋਤੀ ਸਿੰਘ, ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਜ਼ਿਲ੍ਹਾ ਚੋਣ ਦਫ਼ਤਰ ਦਾ ਸਮੁੱਚਾ ਅਮਲਾ ਹਾਜ਼ਰ ਸੀ।

Scroll to Top