ਫਾਜ਼ਿਲਕਾ 28 ਮਈ 2024: ਪੰਜਾਬ ਦੇ ਵਧੀਕ ਮੁੱਖ ਚੋਣ ਅਫਸਰ ਹਰੀਸ਼ ਨਾਇਰ ਆਈਏਐਸ ਨੇ ਅੱਜ ਫਾਜ਼ਿਲਕਾ (Fazilka) ਦਾ ਦੌਰਾ ਕਰਕੇ ਇੱਥੇ ਗਿਣਤੀ ਕੇਂਦਰਾਂ ਦਾ ਜਾਇਜ਼ਾ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ । ਇਸ ਮੌਕੇ ਹਰੀਸ਼ ਨਾਇਰ ਨੇ ਆਖਿਆ ਕਿ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਦਿਆਂ ਕੀਤੀ ਜਾਵੇ ਅਤੇ ਸਟਰਾਂਗ ਰੂਮ ਤਿੰਨ ਪਰਤੀ ਸੁਰੱਖਿਆ ਘੇਰੇ ਵਿੱਚ ਹੋਣ ਅਤੇ ਸਾਰੀ ਪ੍ਰਕਿਰਿਆ ਦੀ ਸੀਸੀਟੀਵੀ ਨਾਲ ਮੋਨੀਟਰਿੰਗ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਸਟਰੋਂਗ ਰੂਮ ਤੋਂ ਗਿਣਤੀ ਕੇਂਦਰ ਤੱਕ ਈਵੀਐਮ ਮਸ਼ੀਨਾਂ ਨੂੰ ਸੁਰੱਖਿਆ ਘੇਰੇ ਵਿੱਚ ਹੀ ਲਜਾਇਆ ਜਾਵੇਗਾ ਅਤੇ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ 30 ਮਈ ਤੱਕ ਪੂਰੀਆਂ ਕਰ ਲਈਆਂ ਜਾਣ ।
ਇਸ ਮੌਕੇ ਇੱਥੇ ਪੁੱਜਣ ਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਅਬੋਹਰ ਅਤੇ ਬੱਲੂਆਣਾ ਦੀ ਗਿਣਤੀ ਅਬੋਹਰ ਵਿਖੇ ਹੋਵੇਗੀ ਜਦਕਿ ਫਾਜ਼ਿਲਕਾ (Fazilka) ਤੇ ਜਲਾਲਾਬਾਦ ਦੀ ਗਿਣਤੀ ਫਾਜ਼ਿਲਕਾ ਦੇ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਵਿਖੇ ਹੋਵੇਗੀ। ਉਹਨਾਂ ਨੇ ਦੱਸਿਆ ਕਿ ਗਿਣਤੀ ਕੇਂਦਰ ਦੇ 100 ਮੀਟਰ ਦੇ ਘੇਰੇ ਵਿੱਚ ਪਰਿੰਦਾ ਦੀ ਪਰ ਨਹੀਂ ਮਾਰ ਸਕੇਗਾ ਅਤੇ ਵੋਟਾਂ ਵਾਲੇ ਦਿਨ ਤੋਂ ਗਿਣਤੀ ਵਾਲੇ ਦਿਨ ਤੱਕ ਸਟਰਾਂਗ ਰੂਮ ਦੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੀਡ ਉਮੀਦਵਾਰਾਂ ਦੇ ਨੁਮਾਇੰਦੇ ਵੀ ਵੇਖ ਸਕਣਗੇ । ਇਸ ਲਈ ਇੱਕ ਵਿਸ਼ੇਸ਼ ਥਾਂ ਨਿਰਧਾਰਿਤ ਕੀਤਾ ਜਾਵੇਗਾ।
ਵਧੀਕ ਜ਼ਿਲ੍ਹਾ ਚੋਣ ਅਫਸਰ ਰਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਗਿਣਤੀ ਦੌਰਾਨ ਨਾਲੋ ਨਾਲ ਨਤੀਜਿਆਂ ਨੂੰ ਮੀਡੀਆ ਨਾਲ ਸਾਂਝੇ ਕਰਨ ਲਈ ਮੀਡੀਆ ਸੈਂਟਰ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਮੀਡੀਆ ਕਰਮੀਆਂ ਨੂੰ ਨਾਲੋਂ ਨਾਲ ਨਤੀਜੇ ਸਾਂਝੇ ਕੀਤੇ ਜਾਣਗੇ। ਇਸ ਮੌਕੇ ਫਾਜ਼ਿਲਕਾ ਦੇ ਐਸਡੀਐਮ ਵਿਪਨ ਭੰਡਾਰੀ, ਪੀਡਬਲਯੂਡੀ ਦੇ ਕਾਰਜਕਾਰੀ ਇੰਜੀਨੀਅਰ ਵਿਸ਼ਵ ਜੀਤ, ਐਸਡੀਓ ਅੰਜੁਮ ਸੇਠੀ ਵੀ ਹਾਜ਼ਰ ਸਨ।