July 7, 2024 2:14 pm
Airport

ADC ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਦੇ ਏਅਰਫੀਲਡ ‘ਚ ਪੰਛੀ ਵਿਰੋਧੀ ਉਪਾਵਾਂ ਬਾਰੇ ਵਿਭਾਗੀ ਕਾਰਵਾਈਆਂ ਦੀ ਸਮੀਖਿਆ

ਐੱਸ.ਏ.ਐੱਸ. ਨਗਰ, 24 ਨਵੰਬਰ, 2023: ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਦੇ ਏਅਰਫ਼ੀਲਡ ਵਿੱਚ ਪੰਛੀ ਵਿਰੋਧੀ ਉਪਾਵਾਂ ਨਾਲ ਸਬੰਧਤ ਵਿਭਾਗਾਂ ਵੱਲੋਂ ਕੀਤੀ ਕਾਰਵਾਈ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ (Airport) ਤੋਂ ਉਡਾਣਾਂ ਦੀ ਸੁਰੱਖਿਅਤ ਉਡਣ ਅਤੇ ਉਤਰਨ ਨੂੰ ਯਕੀਨੀ ਬਣਾਉਣ ਲਈ ਨਿਯਮਤ ਨਿਗਰਾਨੀ ਅਤੇ ਸਥਾਈ ਹੱਲ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਹਵਾਈ ਅੱਡੇ ਨੇੜੇ ਭਬਾਤ ਅਤੇ ਜਗਤਪੁਰਾ ਖੇਤਰ ਵਿੱਚ ਮੀਟ ਦੀਆਂ ਦੁਕਾਨਾਂ ਨੂੰ ਪੱਕੇ ਤੌਰ ’ਤੇ ਬੰਦ ਕਰਨ ਲਈ ਗਮਾਡਾ ਅਤੇ ਡੀ ਡੀ ਪੀ ਓ ਨੂੰ ਆਦੇਸ਼ ਦਿੰਦਿਆਂ ਏ.ਡੀ.ਸੀ. ਨੇ ਸਬੰਧਤ ਅਧਿਕਾਰੀਆਂ ਨੂੰ 7 ਦਿਨਾਂ ਦੇ ਅੰਦਰ ਕੀਤੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ’ਚ ਧਾਰਾ 133 ਅਧੀਨ ਕਾਰਵਾਈ ਕਰਨ ਦੀ ਲੋੜ ਹੈ ਤਾਂ ਉਸ ਲਈ ਐਸ ਡੀ ਐਮ ਮੋਹਾਲੀ ਦੀ ਅਦਾਲਤ ’ਚ ਕਲੰਦਰਾ ਪੇਸ਼ ਕੀਤਾ ਜਾਵੇ।

ਉਨ੍ਹਾਂ ਡਰੇਨੇਜ ਵਿਭਾਗ ਨੂੰ ਜਗਤਪੁਰਾ ਡਰੇਨ ਦੀ ਸਫਾਈ ਅਤੇ ਢਕਣ ਲਈ ਅਨੁਮਾਨ ਤਿਆਰ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਗੰਦਗੀ ਪੰਛੀਆਂ ਨੂੰ ਆਕਰਸ਼ਿਤ ਨਾ ਕਰ ਸਕੇ। ਐਮ ਸੀ ਜ਼ੀਰਕਪੁਰ ਦੇ ਅਧਿਕਾਰੀਆਂ ਨੇ ਏ ਡੀ ਸੀ ਨੂੰ ਬਿਸ਼ਨਪੁਰਾ ਡੰਪਿੰਗ ਗਰਾਊਂਡ ਦੇ ਆਲੇ ਦੁਆਲੇ ਜਾਲ ਲਗਾਉਣ ਲਈ ਜਾਰੀ ਕੀਤੇ ਟੈਂਡਰ ਤੋਂ ਜਾਣੂ ਕਰਵਾਇਆ। ਨਗਰ ਨਿਗਮ ਮੋਹਾਲੀ ਦੇ ਸਹਾਇਕ ਕਮਿਸ਼ਨਰ ਰੰਜੀਵ ਕੁਮਾਰ ਨੇ ਦੱਸਿਆ ਕਿ ਸੈਕਟਰ 74 ਦੇ ਡੰਪਿੰਗ ਗਰਾਊਂਡ ’ਚ ਪਏ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਪ੍ਰੋਸੈਸਿੰਗ ਲਈ 4 ਕਰੋੜ ਰੁਪਏ ਦੇ ਕੰਮ ਦਾ ਟੈਂਡਰ ਪਹਿਲਾਂ ਹੀ ਪ੍ਰਗਤੀ ਅਧੀਨ ਹੈ ਅਤੇ ਚੀਫ਼ ਇੰਜਨੀਅਰ ਤੋਂ ਮਨਜ਼ੂਰੀ ਲੈ ਕੇ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਦੇ ਫੀਲਡ ਅਫਸਰ, ਇੰਦਰ ਪਾਲ ਨੇ ਏ ਡੀ ਸੀ (ਜ) ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹਾ ਮੈਜਿਸਟਰੇਟ ਨੇ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ (Airport) ਦੇ ਆਲੇ-ਦੁਆਲੇ 5 ਨੌਟੀਕਲ ਮੀਲ ਦੇ ਘੇਰੇ ਵਿੱਚ ਲੇਜ਼ਰ ਲਾਈਟਾਂ/ਬੀਮ ਲਾਈਟਾਂ ਦੀ ਵਰਤੋਂ ’ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਡੀ.ਡੀ.ਪੀ.ਓ ਅਮਨਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਜਗਤਪੁਰ ਖੇਤਰ ਵਿੱਚ ਕੂੜਾ ਕਰਕਟ ਦੀ ਸਮੱਸਿਆ ਦੇ ਹੱਲ ਲਈ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦਾ ਕੰਮ ਦੋ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਡੰਪਿੰਗ ਗਰਾਊਂਡ ਦੀ ਸਮੱਸਿਆ ਦੇ ਹੱਲ ਲਈ ਪਿੰਡ ਕੰਡਾਲਾ ਵਿਖੇ ਇੱਕ ਹੋਰ ਠੋਸ ਕੂੜਾ ਪ੍ਰੋਜੈਕਟ ਜਲਦ ਹੌਂਦ ਵਿੱਚ ਆ ਜਾਵੇਗਾ। ਇਸ ਤੋਂ ਇਲਾਵਾ ਕੰਡਾਲਾ ਵਿਖੇ ਸਥਿਤ ਹੱਡਾਰੋੜੀ ਨੂੰ ਪਿੰਡ ਨਗਿਆੜੀ ਨੇੜੇ ਕਿਸੇ ਹੋਰ ਥਾਂ ਤਬਦੀਲ ਕਰ ਦਿੱਤਾ ਜਾਵੇਗਾ।

ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਨਗਰ ਕੌਂਸਲ ਜ਼ੀਰਕਪੁਰ ਨੂੰ ਭਬਾਤ ਗੋਦਾਮ ਖੇਤਰ ਅਤੇ ਹਵਾਈ ਅੱਡੇ ਦੀ ਬਾਉਂਡਰੀ ਵਾਲ ਖੇਤਰ ਦੀ ਨਿਯਮਤ ਸਫਾਈ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਐਸ ਡੀ ਐਮ ਮੁਹਾਲੀ ਚੰਦਰਜੋਤੀ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਮਨਿੰਦਰ ਪਾਲ ਸਿੰਘ ਚੌਹਾਨ ਅਤੇ ਸਹਾਇਕ ਕਮਿਸ਼ਨਰ ਐਮ ਸੀ ਰੰਜੀਵ ਕੁਮਾਰ ਤੋਂ ਇਲਾਵਾ ਜ਼ੀਰਕਪੁਰ ਨਗਰ ਨਿਗਮ, ਗਮਾਡਾ ਅਤੇ ਹਵਾਈ ਅੱਡੇ ਦੇ ਅਧਿਕਾਰੀ ਹਾਜ਼ਰ ਸਨ।