Stubble

ਏ.ਡੀ.ਸੀ ਅਮਿਤ ਬੈਂਬੀ ਵੱਲੋਂ ਪਰਾਲੀ ਪ੍ਰਬੰਧਨ ਮਸ਼ੀਨਰੀ ਦੇ ਨਿਰੀਖਣ ਲਈ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 08 ਅਗਸਤ, 2023: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਾਲ 2023 ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਝੋਨੇ ਦੀ ਪਰਾਲੀ (Stubble) ਦੀ ਸਾਂਭ ਸੰਭਾਲ ਲਈ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਧੀਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਬੈਂਬੀ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐੱਸ.ਏ.ਐੱਸ.ਨਗਰ ਵੱਲੋਂ ਸਬਸਿਡੀ ਤੇ ਦਿੱਤੀਆਂ ਗਈਆਂ ਮਸ਼ੀਨਾਂ ਦੇ ਨਿਰੀਖਣ ਲਈ ਪਿੰਡ ਰੰਗੀਆਂ, ਗਿੱਦੜ ਪੁਰ ਅਤੇ ਚੂਹੜ ਮਾਜਰਾ ਵਿਖੇ ਦੌਰਾ ਕੀਤਾ।

ਇਨ੍ਹਾਂ ਪਿੰਡਾਂ ਵਿੱਚ ਕੀਤੇ ਗਏ ਦੌਰੇ ਦੌਰਾਨ ਉਨ੍ਹਾਂ ਨੇ ਸਬੰਧਤ ਕਿਸਾਨਾਂ ਨੂੰ ਆਉਂਦੇ ਸਾਉਣੀ ਸੀਜਨ ਦੌਰਾਨ, ਜੇਕਰ ਲੋੜੀਂਦਾ ਹੋਵੇ ਤਾਂ ਮਸ਼ੀਨਾਂ ਦੀ ਮੁਰੰਮਤ, ਆਈਲਿੰਗ ਆਦਿ ਨੂੰ ਯਕੀਨੀ ਬਨਾਉਣ ਲਈ ਕਿਹਾ ਅਤੇ ਆਦੇਸ਼ ਦਿੱਤੇ ਕਿ ਆਸ-ਪਾਸ ਦੇ ਪਿੰਡਾਂ ਵਿੱਚ ਲੋੜ ਵੰਦ ਕਿਸਾਨਾਂ ਨੂੰ ਵੀ ਇਹ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਪਰਾਲੀ ਦੀ ਸੰਭਾਲ ਕੀਤੀ ਜਾ ਸਕੇ।

ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਸਾਲਾਂ ਦੌਰਾਨ 952 ਮਸ਼ੀਨਾਂ ਪਰਾਲੀ (Stubble) ਦੀ ਸਾਂਭ ਸੰਭਾਲ ਲਈ ਵਿਅਕਤੀਗਤ ਕਿਸਾਨਾਂ/ਕਿਸਾਨ ਗਰੁੱਪਾਂ/ ਪੰਚਾਇਤਾਂ ਅਤੇ ਸਹਿਕਾਰੀ ਸਭਾਵਾ ਨੂੰ ਸਬਸਿਡੀ ਤੇ ਦਿੱਤੀਆਂ ਹਨ। ਸਾਲ 2023 ਦੌਰਾਨ ਇਨ੍ਹਾਂ ਮਸ਼ੀਨਾਂ ਦੀ ਸੰਪੂਰਨ ਵਰਤੋਂ ਨੂੰ ਯਕੀਨੀ ਬਨਾਉਣ ਲਈ ਜ਼ਿਲ੍ਹੇ ਵਿੱਚ ਉਪਲਬੱਧ ਮਸ਼ੀਨਰੀ ਦੀ ਉਪ ਮੰਡਲ ਮੈਜਿਸਟਰੇਟ, ਵਧੀਕ ਡਿਪਟੀ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਵੱਲੋਂ ਮਸ਼ੀਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ ਸੀਟੂ ਸੀ.ਆਰ.ਐਮ. ਸਕੀਮ ਅਧੀਨ ਹੁਣ ਤੱਕ 411 ਮਸ਼ੀਨਾਂ ਦੀ ਖ੍ਰੀਦ ਲਈ ਅਰਜੀਆਂ ਪ੍ਰਾਪਤ ਹੋਈਆਂ ਹਨ ਜਿਨਾਂ ਵਿੱਚੋਂ 30 ਪਰਾਲੀ ਦੀਆ ਗੰਢਾਂ ਬਨਾਉਣ ਵਾਲੀਆਂ ਮਸ਼ੀਨਾਂ ਬੇਲਰ/ ਰੈਕ ਦੀ ਸਬਸਿਡੀ ਤੇ ਖ੍ਰੀਦ ਲਈ ਅਰਜੀਆਂ ਪ੍ਰਾਪਤ ਹੋਈਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਮਸ਼ੀਨਰੀ ਦੀ ਸਬਸਿਡੀ ਤੇ ਖ੍ਰੀਦ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 15 ਅਗਸਤ,2023 ਹੈ, ਇਸ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਸਕੀਮ ਤੋਂ ਲਾਭ ਲੈਂਦੇ ਹੋਏ ਮਸੀਨਰੀ ਦੀ ਖ੍ਰੀਦ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ.ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਪਿੰਡ ਰੰਗੀਆਂ, ਗੁਰਪ੍ਰੀਤ ਸਿੰਘ ਪਿੰਡ ਚੂਹੜ ਮਾਜਰਾ ,ਅਤੇ ਪਿੰਡ ਗਿੱਦੜ ਪੁਰ ਦੇ ਕਿਸਾਨ ਬਾਬਾ ਜੋਰਾਵਰ ਸਿੰਘ ਐਗਰੀਕਲਚਰ ਸੋਸਾਇਟੀ ਦੇ ਮੈਂਬਰਾਂ ਨੇ ਭਾਗ ਲਿਆ।

Scroll to Top