Adabi Mela 2024

ਲੰਡਨ ਵਿਖੇ ‘ਅਦਬੀ ਮੇਲੇ 2024’ ਹੋਇਆ ਸ਼ਾਨਦਾਰ ਆਗਾਜ਼

ਲੰਡਨ (ਇੰਗਲੈਂਡ), 22 ਜੁਲਾਈ 2024: ਲੰਡਨ ਵਿਖੇ ਕਰਵਾਏ ਪਹਿਲੇ ‘ਅਦਬੀ ਮੇਲੇ 2024’ (Adabi Mela 2024) ਦਾ ਬੀਤੇ ਦਿਨ ਸ਼ਾਨਦਾਰ ਆਗਾਜ਼ ਹੋਇਆ। ਇਸ ਅੰਤਰਰਾਸ਼ਟਰੀ ਕਵੀ ਦਰਬਾਰ ‘ਚ ਮਸ਼ਹੂਰ ਕਵੀਆਂ ਨੇ ਰੰਗ ਬੰਨ੍ਹਿਆ | ਇਸ ਮੇਲੇ ‘ਚ ਉੱਘੇ ਸ਼ਾਇਰ ਬਾਬਾ ਨਜਮੀ ਅਤੇ ਸਾਬਰ ਅਲੀ ਸਾਬਰ ਸਮੇਤ ਹੋਰਨਾਂ ਕਵੀਆਂ ਨੇ ਸ਼ਿਰਕਤ ਕੀਤੀ | ਮੇਲੇ ਦੇ ਮੁੱਖ ਪ੍ਰਬੰਧਕਾਂ ‘ਚੋਂ ਅਜ਼ੀਮ ਸ਼ੇਖਰ ਨੇ ਮੇਲੇ ‘ਚ ਪਹੁੰਚੇ ਸਭ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਮੇਲਾ ਅੰਤਰਰਾਸ਼ਟਰੀ ਪੱਧਰ’ ਤੇ ਵਿਲੱਖਣ ਪੈੜਾਂ ਛੱਡੇਗਾ।

ਰਾਜਿੰਦਰਜੀਤ ਵੱਲੋਂ ਮੇਲੇ ਦੀ ਰੂਪ-ਰੇਖਾ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ | ਇਸ ਤੋਂ ਬਾਅਦ ਮੇਲੇ ਦਾ ਆਗਾਜ਼ ਪੰਜਾਬੀ ਲੋਕ ਰੰਗ (ਲੰਮੀ ਹੇਕ ਦੇ ਗੀਤ) ਨਾਲ ਹੋਇਆ ਅਤੇ ਇਸ ਦੌਰਾਨ ਕੁਲਵੰਤ ਕੌਰ ਢਿੱਲੋਂ, ਨਸੀਬ, ਪਰਮਜੀਤ ਕੌਰ ਸੰਧਾਵਾਲੀਆ, ਰਾਜਿੰਦਰ ਕੌਰ ਅਤੇ ਮਨਜੀਤ ਕੌਰ ਪੱਡਾ ਨੇ ਸ਼ਾਨਦਾਰ ਪੇਸ਼ਕਾਰੀ ਨਾਲ ਰੰਗ ਬੰਨ੍ਹਿਆ |

ਮੇਲੇ ਦੇ ਅਗਲੇ ਸੈਸ਼ਨ ‘ਚ ਮੁੱਖ ਭਾਸ਼ਨ ਡਾ. ਜਸਵਿੰਦਰ ਸਿੰਘ ਨੇ ਸਮਕਾਲੀ ਪੰਜਾਬੀ ਅਦਬ ਦਾ ਵਿਸ਼ਵੀ ਮੁਹਾਂਦਰਾ ਅਤੇ ਵੰਗਾਰਾ ‘ਤੇ ਦਿੱਤਾ। ਇਸ ਤੋਂ ਬਾਅਦ ਉੱਘੇ ਸ਼ਾਇਰ ਬਾਬਾ ਨਜ਼ਮੀ ਨੇ ‘ਅਸੀਸ’ ਦਿੱਤੀ। ਇਸ ਸੈਸ਼ਨ ਦਾ ਸੰਚਾਲਨ ਸ਼ਾਇਰਾ ਦਲਵੀਰ ਕੌਰ ਵੱਲੋਂ ਕੀਤਾ ਗਿਆ |

ਇਸ ਮੇਲੇ ਦਾ ਅਗਲਾ ਸੈਸ਼ਨ ‘ਚਿੰਤਨੀ ਸੈਸ਼ਨ’ ਸੀ | ਜਿਸ ਦਾ ਵਿਸ਼ਾ ‘ਗਲੋਬਲੀ ਦੌਰ ‘ਚ ਪੰਜਾਬੀ ਭਾਸ਼ਾ’ ਸੀ | ਇਸ ‘ਚ ਚੁਣੌਤੀਆਂ ਅਤੇ ਸੰਭਾਨਾਵਾਂ, ਸਾਮਰਾਜੀ ਮਨਸੂਬੇ ਬਨਾਮ ਲੋਕ ਮੁਕਤੀ ਦਾ ਸਮਕਾਲੀ ਅਦਬੀ ਪ੍ਰਸੰਗ ਸ਼ਾਮਲ ਸੀ। ਇਸ ਦੇ ਬੁਲਾਰੇ ਕਰਮਵਾਰ ਡਾ. ਕੁਲਦੀਪ ਸਿੰਘ ਦੀਪ ਤੇ ਡਾ. ਧਨਵੰਤ ਕੌਰ ਸਨ ਤੇ ਸੰਚਾਲਨ ਗੁਰਨਾਮ ਗਰੇਵਾਲ ਤੇ ਸੰਯੋਜਕ ਦਰਸ਼ਨ ਬੁਲੰਦਵੀ ਸਨ।

ਇਸਤੋਂ ਬਾਅਦ ਤੀਜੇ ਸੈਸ਼ਨ ‘ਚ ਮਿਆਰੀ ਪਰਚੇ ‘ਤਾਸਮਨ’ ਦਾ ਪਰਵਾਸੀ ਅੰਕ ਨੂੰ ਲੋਕ ਅਰਪਣ ਕੀਤਾ । ਇਸ ਸੈਸ਼ਨ ਦੇ ਅਗਲੇ ਦੌਰ ‘ਚ ਕਰਵਾਈ ਅੰਤਰਰਾਸ਼ਟਰੀ ਕਵੀ ਦਰਬਾਰ ‘ਚ ਦੁਨੀਆ ਭਰ ਦੇ ਕਰੀਬ 30 ਕਵੀਆਂ ਨੇ ਕਵਿਤਾ ਪਾਠ ਕੀਤਾ ਅਤੇ ਕਵੀ ਦਰਬਾਰ ‘ਚ ਰੰਗ ਬੰਨ੍ਹਿਆ | ਇਨ੍ਹਾਂ ਕਵੀਆਂ ਦੀ ਪੇਸ਼ਕਾਰੀ ਨੂੰ ਸਰੋਤਿਆਂ ਵੱਲੋਂ ਖੂਬ ਹੁੰਗਾਰਾ ਮਿਲਿਆ। ਇਸ ਦਾ ਸੰਚਾਲਨ ਮਨਜੀਤ ਪੁਰੀ ਤੇ ਪਰਮਜੀਤ ਦਿਓਲ ਨੇ ਕੀਤਾ ਗਿਆ।

ਦਿਨ ਦੇ ਆਖ਼ਰ ‘ਚ ‘ਰੰਗਮੰਚ ਦਾ ਰੰਗ’ ਅਧੀਨ ਨਾਟਕ: ਗੁੰਮਸ਼ੁਦਾ ਔਰਤ’ ਲੇਖਕ ਸ਼ਬਦੀਸ਼ ਤੇ ਅਦਾਕਾਰ ਤੇ ਨਿਰਦੇਸ਼ਨ ਅਨੀਤਾ ਸ਼ਬਦੀਸ਼ ਵੱਲੋਂ ਖੇਡਿਆ ਗਿਆ | ਇਸ ਨਾਟਕ ਨੂੰ ਦਰਸ਼ਕਾ ਨੇ ਖ਼ੂਬ ਸਲਾਹਿਆ। ਇਸ ਦਾ ਸੰਚਾਲਨ ਰੂਪ ਦਵਿੰਦਰ ਨੇ ਕੀਤਾ ਗਿਆ।

Scroll to Top