ਅਦਾਕਾਰ ਗੋਵਿੰਦਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਬਾਹਰ ਆ ਕੇ ਆਪਣੇ ਫੈਨਜ਼ ਤੇ ਮੀਡੀਆ ਦਾ ਕੀਤਾ ਧੰਨਵਾਦ

4 ਅਕਤੂਬਰ 2024:  1 ਅਕਤੂਬਰ ਨੂੰ ਬਾਲੀਵੁੱਡ ਐਕਟਰ ਗੋਵਿੰਦਾ ਨਾਲ ਵੱਡਾ ਹਾਦਸਾ ਵਾਪਰਿਆ ਸੀ। ਅਭਿਨੇਤਾ ਆਪਣਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ ਜਦੋਂ ਅਚਾਨਕ ਉਹਨਾਂ ਦੀ ਲੱਤ ਵਿੱਚ ਗੋਲੀ ਲੱਗ ਗਈ। ਅਜਿਹੇ ‘ਚ ਗੋਵਿੰਦਾ ਤਿੰਨ ਦਿਨ ਤੱਕ ਹਸਪਤਾਲ ‘ਚ ਦਾਖਲ ਰਹੇ ਅਤੇ ਅੱਜ ਉਨ੍ਹਾਂ ਦੀ ਹਾਲਤ ਠੀਕ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ , ਜਿੱਥੋਂ ਉਹਨਾਂ ਦੀ ਵੀਡੀਓ ਸਾਹਮਣੇ ਆਈ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਗੋਵਿੰਦਾ ਹਸਪਤਾਲ ‘ਚੋਂ ਵ੍ਹੀਲ ਚੇਅਰ ‘ਤੇ ਬੈਠ ਕੇ ਬਾਹਰ ਆ ਰਹੇ ਹਨ ਅਤੇ ਮੀਡੀਆ ਨੂੰ ਦੇਖਦੇ ਹੋਏ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕਰ ਰਹੇ ਹਨ।

ਉਸ ਦੀ ਲੱਤ ‘ਤੇ ਗੋਲੀ ਦਾ ਜ਼ਖ਼ਮ ਪਲਾਸਟਰ ਕੀਤਾ ਗਿਆ ਹੈ। ਅਜਿਹੇ ‘ਚ ਅਭਿਨੇਤਾ ਨੂੰ ਚੱਲਣ-ਫਿਰਨ ‘ਚ ਦਿੱਕਤ ਹੋਣ ਕਾਰਨ ਉਨ੍ਹਾਂ ਨੂੰ ਵ੍ਹੀਲ ਚੇਅਰ ‘ਤੇ ਘਰ ਲਿਆਂਦਾ ਗਿਆ।

ਇਸ ਦੌਰਾਨ ਅਭਿਨੇਤਾ ਦੀ ਪਤਨੀ ਸੁਨੀਤਾ ਆਹੂਜਾ ਉਨ੍ਹਾਂ ਦੇ ਸਾਹਮਣੇ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦਾ ਪਰਿਵਾਰ ਅਭਿਨੇਤਾ ਨੂੰ ਘਰ ਲੈ ਕੇ ਜਾਂਦੇ ਸਮੇਂ ਬਹੁਤ ਖੁਸ਼ ਨਜ਼ਰ ਆ ਰਿਹਾ ਹੈ।

ਦੱਸ ਦੇਈਏ ਕਿ ਗੋਵਿੰਦਾ ਦੀ ਲੱਤ ‘ਚ ਡੂੰਘੀ ਗੋਲੀ ਲੱਗੀ ਸੀ, ਜਿਸ ਕਾਰਨ ਉਸ ਦੀ ਲੱਤ ‘ਚ 8-10 ਟਾਂਕੇ ਲੱਗੇ ਸਨ। ਹੁਣ ਅਦਾਕਾਰ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ।

ਗੋਵਿੰਦਾ ਨੂੰ ਗੋਲੀ ਲੱਗਣ ਤੋਂ ਬਾਅਦ ਉਸ ਦਾ ਪਰਿਵਾਰ, ਕਰੀਬੀ ਦੋਸਤ ਅਤੇ ਰਿਸ਼ਤੇਦਾਰ ਉਸ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੇ ਸਨ। ਉਨ੍ਹਾਂ ਦੇ ਭਤੀਜੇ ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਸ਼ਾਹ, ਵਿਨੈ ਆਨੰਦ, ਭਤੀਜੀ ਆਰਤੀ ਸਿੰਘ, ਰਵੀਨਾ ਟੰਡਨ, ਜੈਕੀ ਭਗਨਾਨੀ, ਸ਼ਿਲਪਾ ਸ਼ੈੱਟੀ, ਡੇਵਿਡ ਧਵਨ ਅਤੇ ਰਾਜਪਾਲ ਯਾਦਵ ਵਰਗੇ ਸਿਤਾਰੇ ਗੋਵਿੰਦਾ ਦਾ ਹਾਲ-ਚਾਲ ਜਾਣਨ ਪਹੁੰਚੇ ਸਨ।

Scroll to Top