ਚੰਡੀਗੜ੍ਹ, 21 ਸਤੰਬਰ 2023: ਬਾਲੀਵੁੱਡ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਅਖਿਲ ਮਿਸ਼ਰਾ (Akhil Mishra) ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਮੀਡਿਆ ਖ਼ਬਰਾਂ ਮੁਤਾਬਕ ਅਚਾਨਕ ਫਿਸਲਣ ਕਾਰਨ ਉਨ੍ਹਾਂ ਦੇ ਸਰ ‘ਤੇ ਸੁੱਟ ਲੱਗੀ, ਜਿਸਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਉਮਰ 58 ਸਾਲ ਸੀ। ਅਖਿਲ ਨੇ ਆਮਿਰ ਖਾਨ ਦੀ ਫਿਲਮ ‘3 ਇਡੀਅਟਸ’ (3 Idiots) ‘ਚ ਲਾਇਬ੍ਰੇਰੀਅਨ ਦੂਬੇ ਦੀ ਭੂਮਿਕਾ ਨਿਭਾ ਕੇ ਕਾਫੀ ਪ੍ਰਸਿੱਧੀ ਹਾਸਲ ਕੀਤੀ।
ਅਖਿਲ ਮਿਸ਼ਰਾ (Akhil Mishra) ਦੇ ਪਿੱਛੇ ਉਸਦੀ ਪਤਨੀ ਸੁਜ਼ੈਨ ਬਰਨੇਰਟ ਹੈ, ਜੋ ਇੱਕ ਜਰਮਨ ਅਦਾਕਾਰਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਅਖਿਲ ਦੀ ਮੌਤ ਹੋਈ ਤਾਂ ਉਸ ਦੀ ਪਤਨੀ ਸੁਜ਼ੈਨ ਬਰਨੇਟ ਫਿਲਮ ਦੀ ਸ਼ੂਟਿੰਗ ਲਈ ਹੈਦਰਾਬਾਦ ‘ਚ ਸੀ। ਜਿਵੇਂ ਹੀ ਉਸ ਨੂੰ ਆਪਣੇ ਘਰਵਾਲੇ ਦੇ ਦਿਹਾਂਤ ਦੀ ਖ਼ਬਰ ਮਿਲੀ, ਉਹ ਜਲਦੀ ਹੀ ਵਾਪਸ ਪਰਤ ਆਈ। ਅਖਿਲ ਮਿਸ਼ਰਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਖਿਲ ਦੀ ਮੌਤ ਨਾਲ ਪੂਰਾ ਪਰਿਵਾਰ ਦੁਖੀ ਹੈ। ਪਤਨੀ ਸੁਜ਼ੈਨ ਕਹਿੰਦੀ ਹੈ, ‘ਮੇਰਾ ਜੀਵਨ ਸਾਥੀ ਨਹੀਂ ਰਿਹਾ। ਮੈਂ ਪੂਰੀ ਤਰ੍ਹਾਂ ਟੁੱਟ ਗਈ ਹਾਂ।
ਤੁਹਾਨੂੰ ਦੱਸ ਦੇਈਏ ਕਿ ਫਿਲਮਾਂ ਤੋਂ ਇਲਾਵਾ ਅਖਿਲ ਨੇ ਛੋਟੇ ਪਰਦੇ ‘ਤੇ ਵੀ ਕੰਮ ਕੀਤਾ ਹੈ। ਉਹ ਉੱਤਰਨ, ਉਡਾਨ, ਸੀਆਈਡੀ, ਸ਼੍ਰੀਮਾਨ ਸ਼੍ਰੀਮਤੀ ਅਤੇ ਹਾਤਿਮ ਵਰਗੇ ਬਹੁਤ ਸਾਰੇ ਪ੍ਰਸਿੱਧ ਸ਼ੋਅ ਵਿੱਚ ਨਜ਼ਰ ਆਏ । ਫਿਲਮਾਂ ਦੀ ਗੱਲ ਕਰੀਏ ਤਾਂ ਅਖਿਲ ਨੇ ‘ਡਾਨ’, ‘ਗਾਂਧੀ’, ‘ਮਾਈ ਫਾਦਰ’, ‘ਸ਼ਿਖਰ’, ‘ਕਮਲਾ ਕੀ ਮੌਤ’, ‘ਵੈਲ ਡਨ ਅੱਬਾ’ ਵਰਗੀਆਂ ਫਿਲਮਾਂ ‘ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਦਰਸ਼ਕਾਂ ‘ਚ ਪਛਾਣ ਬਣਾਈ।