ਜਲੰਧਰ, 24 ਜੂਨ 2023: ਜਲੰਧਰ (Jalandhar) ‘ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੀ ਜਲੰਧਰ ਦੇ 85 ਵਾਰਡਾਂ ਦਾ ਨਕਸ਼ਾ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ ‘ਤੇ ਕਈ ਸਿਆਸੀ ਪਾਰਟੀਆਂ ਵੱਲੋਂ ਸਵਾਲ ਚੁੱਕੇ ਗਏ ਹਨ। ਅੱਜ ਕਈ ਭਾਜਪਾ ਵਰਕਰ ਨਗਰ ਨਿਗਮ ਜਲੰਧਰ ਦੇ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਨੂੰ 85 ਵਾਰਡਾਂ ਦੇ ਜਾਰੀ ਕੀਤੇ ਨਕਸ਼ੇ ਵਿੱਚ ਕਈ ਕਮੀਆਂ ਨਜ਼ਰ ਆਈਆਂ।
ਭਾਜਪਾ ਵਰਕਰਾਂ ਨੇ ਇਨ੍ਹਾਂ ਕਮੀਆਂ ਦੀ ਸ਼ਿਕਾਇਤ ਨਗਰ ਨਿਗਮ ਦੇ ਅਧਿਕਾਰੀ ਨੂੰ ਕੀਤੀ । ਗੱਲਬਾਤ ਦੌਰਾਨ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਨੇ ਦੱਸਿਆ ਕਿ ਅੱਜ ਭਾਜਪਾ ਜਲੰਧਰ (Jalandhar) ਦੇ ਵਰਕਰ ਨਗਰ ਨਿਗਮ ਚੋਣਾਂ ਲਈ ਜਾਰੀ 85 ਵਾਰਡਾਂ ਦਾ ਨਕਸ਼ਾ ਦੇਖਣ ਆਏ ਸਨ, ਜਿਸ ਵਿੱਚ ਕਈ ਤਰੁੱਟੀਆਂ ਪਾਈਆਂ ਗਈਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਨਕਸ਼ੇ ਵਿੱਚ ਕਈ ਵਾਰਡਾਂ ਸਬੰਧੀ ਬਦਲਾਅ ਵੀ ਕੀਤੇ ਗਏ ਹਨ। ਭਾਜਪਾ ਨੇ ਦੋਸ਼ ਲਾਇਆ ਕਿ ਕਈ ਵਾਰਡ ਅਜਿਹੇ ਹਨ ਜਿੱਥੇ ਪੂਰੀ ਆਬਾਦੀ ਜਰਨਲ ਵਰਗ ਦੀ ਹੈ ਪਰ ਉਸ ਵਾਰਡ ਨੂੰ ਰਿਜ਼ਰਵ ਵਾਰਡ ਬਣਾ ਦਿੱਤਾ ਗਿਆ ਹੈ।