illegal structures

ਸਰਕਾਰੀ ਜ਼ਮੀਨ ‘ਤੇ ਨਜ਼ਾਇਜ ਉਸਾਰੀਆਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਜਾਰੀ ਰਹੇਗੀ: SDM ਚਰਨਜੋਤ ਸਿੰਘ ਵਾਲੀਆ

ਸੰਗਰੂਰ, 18 ਮਾਰਚ 2025: ਪੰਜਾਬ ‘ਚ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਕਾਰਵਾਈ ਦੇ ਹਿੱਸੇ ਵਜੋਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਰੂਰ ਪੁਲਿਸ ਨੇ ਸਾਂਝੇ ਤੌਰ ‘ਤੇ ਸੰਗਰੂਰ ਦੀ ਰਾਮ ਨਗਰ ਬਸਤੀ ‘ਚ ਨਸ਼ਾ ਤਸਕਰਾਂ ਦੁਆਰਾ ਬਣਾਏ ਗਏ ਦੋ ਗੈਰ-ਕਾਨੂੰਨੀ ਢਾਂਚੇ (illegal structures) ਨੂੰ ਬੁਲਡੋਜ਼ਰ ਰਾਹੀਂ ਢਾਹ ਦਿੱਤਾ ਗਿਆ |

ਇਸ ਕਾਰਵਾਈ ਦੀ ਅਗਵਾਈ ਐਸਐਸਪੀ ਸਰਤਾਜ ਸਿੰਘ ਚਾਹਲ ਅਤੇ ਐਸਡੀਐਮ ਚਰਨਜੋਤ ਸਿੰਘ ਵਾਲੀਆ ਵੱਲੋਂ ਕੀਤੀ ਗਈ ਹੈ, ਜਦੋਂ ਕਿ ਐਸਪੀ ਨਵਰੀਤ ਸਿੰਘ ਵਿਰਕ, ਡੀਐਸਪੀ ਸੁਖਦੇਵ ਸਿੰਘ ਅਤੇ ਤਹਿਸੀਲਦਾਰ ਵਿਸ਼ਵਜੀਤ ਸਿੰਘ, ਸਹਾਇਕ ਟਾਊਨ ਪਲੈਨਰ ​​ਸੁਸ਼ੀਲ ਕੁਮਾਰ, ਨਾਇਬ ਤਹਿਸੀਲਦਾਰ ਬਲਜਿੰਦਰ ਸਿੰਘ ਵੀ ਇਸ ਮੁਹਿੰਮ ਦੌਰਾਨ ਮੌਜੂਦ ਸਨ।

ਇਸ ਦੌਰਾਨ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਅੱਜ ਦੂਜੀ ਵਾਰ ਬੁਲਡੋਜ਼ਰ ਨਾਲ ਗੈਰ-ਕਾਨੂੰਨੀ ਇਮਾਰਤਾਂ (illegal structures) ਨੂੰ ਢਾਹ ਕੇ ਕਾਰਵਾਈ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਗਰੂਰ ਜ਼ਿਲ੍ਹੇ ‘ਚੋਂ ਨਸ਼ਾ ਤਸਕਰਾਂ ਦਾ ਪੂਰੀ ਤਰ੍ਹਾਂ ਸਫਾਇਆ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ ਅਤੇ ਅਸੀਂ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਕਾਰੋਬਾਰ ‘ਚ ਸ਼ਾਮਲ ਹਰ ਸਮਾਜ ਵਿਰੋਧੀ ਤੱਤ ਨੂੰ ਸਖ਼ਤ ਚੇਤਾਵਨੀ ਦਿੰਦੇ ਹਾਂ ਕਿ ਉਹ ਅਜਿਹੇ ਗੈਰ-ਕਾਨੂੰਨੀ ਕਾਰੋਬਾਰ ਨੂੰ ਬੰਦ ਕਰਨ, ਨਹੀਂ ਤਾਂ ਨਤੀਜੇ ਮਾੜੇ ਹੋਣਗੇ। ਐਸਐਸਪੀ ਨੇ ਕਿਹਾ ਕਿ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖੀ ਅਤੇ ਨਗਰ ਕੌਂਸਲ ਰਾਹੀਂ ਇਨ੍ਹਾਂ ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹੁਣ ਦੀ ਕਾਰਵਾਈ ਕੀਤੀ ।

ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਜਿਹੜੀਆਂ ਦੋ ਨਜਾਇਜ਼ ਉਸਾਰੀਆਂ ‘ਤੇ ਕਾਰਵਾਈ ਕੀਤੀ ਹੈ ਉਨ੍ਹਾਂ ਵਿੱਚੋਂ ਇੱਕ ‘ਚ ਰਹਿੰਦੇ ਰਾਜਪਾਲ ਸਿੰਘ ਤੇ ਰਾਜਵਿੰਦਰ ਕੌਰ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਕ੍ਰਮਵਾਰ 7 ਅਤੇ 4 ਪੁਲਿਸ ਕੇਸ ਦਰਜ ਹਨ ਅਤੇ ਜਦਕਿ ਦੂਜੇ ਮਕਾਨ ‘ਚ ਰਹਿੰਦੀ ਲੱਖੋ ਨਾਂ ਦੀ ਮਹਿਲਾ ਖਿਲਾਫ਼ ਐਨਡੀਪੀਐਸ ਤਹਿਤ 4 ਕੇਸ ਦਰਜ ਹਨ।

ਇਸੇ ਮੌਕੇ ‘ਤੇ ਮੌਜੂਦ ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਸਰਕਾਰੀ ਜ਼ਮੀਨ ‘ਤੇ ਨਜ਼ਾਇਜ਼ ਕਬਜ਼ੇ ਤੇ ਉਸਾਰੀਆਂ ਕਰਨ ਵਾਲਿਆਂ ਨੂੰ ਬਖਸਿ਼ਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਅੱਜ ਪੁਲਿਸ ਦੇ ਸਹਿਯੋਗ ਨਾਲ ਇਹ ਸਖ਼ਤ ਕਾਰਵਾਈ ਕਰਦੇ ਹੋਏ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਪੰਜਾਬ ‘ਚੋਂ ਨਸ਼ਾ ਤਸਕਰਾਂ ਦਾ ਮੁਕੰਮਲ ਖਾਤਮਾ ਕਰਨ ਲਈ ਪ੍ਰਸ਼ਾਸਨ ਤੇ ਪੁਲਿਸ ਵਚਨਬੱਧ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Read More: ਪੁਲਿਸ ਨੇ ਸੁਨਾਮ ‘ਚ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ, ਦੁਕਾਨ ਤੇ ਘਰ ‘ਤੇ ਚਲਾਇਆ ਬੁਲਡੋਜ਼ਰ

Scroll to Top