ਚੰਡੀਗੜ੍ਹ, 12 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ 100ਵੇਂ ਐਪੀਸੋਡ ਨੂੰ ਸੁਣਨ ਦੇ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਪੀਜੀਆਈ ਨਰਸਿੰਗ ਇੰਸਟੀਚਿਊਟ ਦੀਆਂ 36 ਵਿਦਿਆਰਥਣਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ 8 ਵਿਦਿਆਰਥਣਾਂ ਪਹਿਲੇ ਸਾਲ ਅਤੇ 28 ਵਿਦਿਆਰਥਣਾਂ ਤੀਜੇ ਸਾਲ ਦੀਆਂ ਹਨ |
ਇਸਦੇ ਨਾਲ ਹੀ ਸਾਰੀਆਂ ਵਿਦਿਆਰਥਣਾਂ ਦੇ ਇੱਕ ਹਫ਼ਤੇ ਲਈ ਹੋਸਟਲ ਤੋਂ ਬਾਹਰ ਜਾਣ ‘ਤੇ ਪਾਬੰਦੀ ਲਗਾ ਦਿੱਤੀ । ਹੈਰਾਨੀ ਦੀ ਗੱਲ ਇਹ ਹੈ ਕਿ ਸੰਸਥਾ ਦੇ ਇਸ ਹੁਕਮ ਦੀ ਜਾਣਕਾਰੀ ਹਸਪਤਾਲ ਮੈਨੇਜਮੈਂਟ ਨੂੰ ਵੀ ਨਹੀਂ ਸੀ ।
ਦੱਸਿਆ ਜਾ ਰਿਹਾ ਹੈ ਕਿ 30 ਅਪ੍ਰੈਲ ਨੂੰ ਪੀਜੀਆਈ ਦੇ ਐਲਟੀ ਵਨ ਲੈਕਚਰ ਥੀਏਟਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ 100ਵੇਂ ਐਪੀਸੋਡ ਨੂੰ ਸੁਣਨ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਪ੍ਰੋਗਰਾਮ ਤਹਿਤ ਪੀਜੀਆਈ ਦੇ ਡਾਇਰੈਕਟਰ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਵਿਦਿਆਰਥਣਾਂ ਨੂੰ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਪ੍ਰੋਗਰਾਮ ਦਾ 100ਵਾਂ ਐਪੀਸੋਡ ਸੁਣਨ ਲਈ 30 ਅਪ੍ਰੈਲ ਨੂੰ ਸਵੇਰੇ 10.30 ਵਜੇ ਐਲ.ਟੀ.1 ਥੀਏਟਰ ਵਿਖੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਪਰ 36 ਵਿਦਿਆਰਥਣਾਂ ਹਾਜ਼ਰ ਨਹੀਂ ਹੋਈਆਂ ਜਿਨ੍ਹਾਂ ‘ਤੇ ਹੁਕਮਾਂ ਦੀ ਅਣਦੇਖੀ ਕਰਨ ‘ਤੇ ਕਾਰਵਾਈ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਲਿਖਤੀ ਹੁਕਮ ਜਾਰੀ ਕਰਨ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਵਾਰਡਨ ਵੱਲੋਂ ਸਵੇਰੇ ਅਤੇ ਰਾਤ ਨੂੰ ਹੋਸਟਲ ਵਿੱਚ ਗੇੜੇ ਮਾਰ ਕੇ ਵਾਰ-ਵਾਰ ਜਾਣੂ ਕਰਵਾਇਆ ਗਿਆ ਅਤੇ ਇਸ ਵਿੱਚ ਹਿੱਸਾ ਨਾ ਲੈਣ ਦੀ ਸੂਰਤ ਵਿੱਚ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਸੀ ।
ਮਾਮਲੇ ਵਿੱਚ ਨਰਸਿੰਗ ਇੰਸਟੀਚਿਊਟ ਪ੍ਰਸ਼ਾਸਨ ਨੇ ਇਨ੍ਹਾਂ ਵਿਦਿਆਰਥਣਾਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਕੇ ਪੀਜੀਆਈ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਪੀਜੀਆਈ ਦੇ ਬੁਲਾਰੇ ਅਤੇ ਡੀਡੀਏ ਕੁਮਾਰ ਗੌਰਵ ਨੇ ਇਸ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ ।