ਮੋਹਾਲੀ 09 ਫਰਵਰੀ 2024: ਕੇਂਦਰੀ ਮੰਤਰੀ ਦੇ ਦਫਤਰ ਵਿੱਚ ਤਾਇਨਾਤ ਝੂਠੇ ਦਲਿਤ ਸਰਟੀਫਕੇਟ ਦੇ ਅਧਾਰ ‘ਤੇ ਨੌਕਰੀ ਪਾਉਣ ਵਾਲੇ ਆਈਏਐਸ ਅਧਿਕਾਰੀ ਅਤੇ ਉਸਦੇ ਰਿਸਤੇਦਾਰ ਜੋ ਕਿ ਵਿਜਲੈਂਸ ਬਿਊਰੋ ਸਮੇਤ ਪੰਜਾਬ ਦੇ ਅਲੱਗ-ਅਲੱਗ ਸਰਕਾਰੀ ਵਿਭਾਗਾਂ ਵਿੱਚ ਜਾਅਲੀ ਦਲਿਤ ਸਰਟੀਫਿਕੇਟਾਂ ਦੇ ਅਧਾਰ ‘ਤੇ ਨੌਕਰੀਆਂ ਕਰ ਰਹੇ ਹਨ। ਜਿਹਨਾਂ ਵਿੱਚੋ ਕਈਆਂ ਦੇ ਜਾਅਲੀ ਜਾਤੀ ਸਰਟੀਫਿਕੇਟ ਰੱਦ ਵੀ ਹੋ ਚੁੱਕੇ ਹਨ |
ਉਹਨਾਂ ਤਾਕਤਵਰ ਅਫਸਰਾਂ ਅਤੇ ਮੁਲਾਜਮਾਂ ਨੂੰ ਬਚਾਉਣ ਲਈ ਆਵਾਜ ਚੁੱਕਣ ਵਾਲਿਆਂ ਖ਼ਿਲਾਫ਼ ਅਧੂਰੇ ਸਬੂਤਾਂ ਦੇ ਆਧਾਰ ਤੇ ਮੋਹਾਲੀ ਪੁਲਿਸ ਨੇ ਫਿਰੌਤੀ ਮੰਗਣ ਦੀ ਗਲਤ ਐਫ.ਆਈ.ਆਰ ਨੰਬਰ ਸੱਤ ਥਾਣਾ ਫੇਜ ਅੱਠ ਮੋਹਾਲੀ ਵਿੱਚ ਦਰਜ ਕੀਤੀ ਗਈ ਸੀ। ਇਸ ਐਫ.ਆਈ.ਆਰ ਦੀ ਜਾਂਚ ਲਈ ਮੋਹਾਲੀ ਪੁਲਿਸ ਨੇ ਉੱਚ ਅਫਸਰਾਂ ਦੀ ਇੱਕ ਸਪੈਸਲ ਪੜਤਾਲ ਕਮੇਟੀ ਬਣਾਈ ਹੈ ਜਿਸ ਵਿੱਚ ਅੱਜ ਇੱਕ ਚੈਨਲ ਦੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਨੂੰ ਬੁਲਾਇਆ ਗਿਆ ਸੀ।
ਰਜਿੰਦਰ ਸਿੰਘ ਤੱਗੜ ਨੇ ਸਿੱਟ ਨੂੰ ਬਿਆਨ ਦੇਣ ਤੋਂ ਬਾਅਦ ਥਾਣੇ ਦੇ ਬਾਹਰ ਆ ਕੇ ਮੀਡੀਆ ਨੂੰ ਦੱਸਿਆ ਕਿ ਇਹ ਐਫ ਆਈ ਆਰ ਅਧੂਰੇ ਅਤੇ ਗਲਤ ਤੱਥਾਂ ਦੇ ਅਧਾਰ ਤੇ ਦਰਜ ਕੀਤੀ ਗਈ ਹੈ ਕਿਉਂਕਿ ਜਾਲੀ ਦਲਿਤ ਸਰਟੀਫਕੇਟ ਦੇ ਮਾਮਲਿਆਂ ਨੂੰ ਉਜਾਗਰ ਕਰਨ ਵਾਲੇ ਐਕਟੀਵਿਸਟ ਬਲਵੀਰ ਸਿੰਘ ਪਿੰਡ ਆਲਮਪੁਰ ਜਿਲਾ ਪਟਿਆਲਾ ਨੇ ਏ ਆਈ ਜੀ ਮਲਵਿੰਦਰ ਸਿੱਧੂ ਸਮੇਤ ਉਹਨਾਂ ਨਾਲ ਸੰਪਰਕ ਕੀਤਾ ਸੀ ਕਿ ਜਾਅਲੀ ਸਰਟੀਫਿਕੇਟਾਂ ਦੇ ਆਧਾਰ ਤੇ ਨੌਕਰੀਆਂ ਹਾਸਲ ਕਰਨ ਵਾਲਿਆਂ ਖਿਲਾਫ ਜਿੰਨੀਆਂ ਵੀ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਹਨ, ਉਸ ਨੂੰ ਵਾਪਸ ਕਰਵਾਉਣ ਲਈ ਨੌਕਰੀਆਂ ਹਾਸਲ ਕਰਨ ਵਾਲਿਆਂ ਵੱਲੋਂ ਦਬਾਓ ਪਾ ਕੇ ਖਰੀਦਣ ਦੀ ਕੋਸਸ਼ਿ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਸੀ ਕਿ ਦਬਾਓ ਪਾਉਣ ਵਾਲਿਆਂ ਵਿੱਚ ਕੁਝ ਆਈਏਐਸ ਅਫਸਰ ਅਤੇ ਪੁਲਿਸ ਅਧਿਕਾਰੀ ਵੀ ਮਿਲੇ ਹੋਏ ਹਨ। ਉਨਾਂ ਦੇ ਚੈਨਲ ਤੋਂ ਖਬਰ ਕਰਵਾਉਣ ਲਈ ਆਏ ਸਮਾਜਸੇਵੀ ਦੀ ਸ਼ਿਕਾਇਤਾਂ ਵਾਪਸ ਕਰਵਾਉਣ ਲਈ ਦਬਾਓ ਪਾਉਣ ਵਾਲਿਆਂ ਖਿਲਾਫ ਸਬੂਤ ਇਕੱਠੇ ਕਰਕੇ ਜਨਤਕ ਕਰਨ ਦੇ ਮਕਸਦ ਨਾਲ ਆਡਿਓ ਰਿਕਾਰਡਿੰਗ ਕਰਵਾਈ ਗਈ ਸੀ। ਉਸ ਗੱਲਬਾਤ ਨੂੰ ਰਿਕਾਰਡ ਕਰਕੇ ਚੈਨਲ ਤੇ ਚਲਇਆ ਗਿਆ ਸੀ। ਚੈਨਲ ਵੱਲੋਂ ਮੌਕੇ ਤੇ ਹੀ ਡੀਜੀਪੀ ਨਾਲ ਸੰਪਰਕ ਕਰਕੇ ਜਾਣਕਾਰੀ ਦੇਣ ਦੇ ਕੇ ਦੋਸੀਆਂ ਨੂੰ ਫੜਾਉਣ ਲਈ ਸੰਪਰਕ ਵੀ ਕੀਤਾ ਗਿਆ ਸੀ ਪ੍ਰੰਤੂ ਡੀਜੀਪੀ ਸਾਹਿਬ ਦੇ ਰੁਝੇਵਿਆਂ ਕਾਰਨ ਉਦੋਂ ਸਹੀ ਤਾਲਮੇਲ ਨਹੀਂ ਹੋ ਸਕਿਆ ਸੀ।
ਬਾਅਦ ਵਿੱਚ ਕਿਸੇ ਹੋਰ ਕੇਸ ਵਿੱਚ ਜਦੋਂ ਏਆਈਜੀ ਮਲਵਿੰਦਰ ਸਿੰਘ ਸਿੱਧੂ ਨੂੰ ਵਿਜੀਲੈਂਸ ਬਿਊਰੋ ਨੇ ਜਾਂਚ ਲਈ ਬੁਲਾਇਆ ਤਾਂ ਏ ਆਈ ਜੀ ਨੇ ਮੌਕੇ ਤੇ ਜਾਂਚ ਅਧਿਕਾਰੀ ਨਾਲ ਝਗੜਾ ਕਰ ਲਿਆ ਸੀ ਜਿਸ ਕਾਰਨ ਏ ਆਈ ਜੀ ਦੀ ਮੌਕੇ ਤੇ ਗਿਰਫਤਾਰੀ ਹੋਈ ਸੀ। ਗਿਰਫਤਾਰੀ ਤੋਂ ਬਾਦ ਤਲਾਸੀ ਸਮੇਂ ਪਤਾ ਲੱਗਾ ਕੇ ਉਸ ਨੇ ਆਪਣੇ ਅੰਦਰੂਨੀ ਵਸਤਰਾਂ ਵਿੱਚ ਗੱਲਬਾਤ ਰਿਕਾਰਡ ਕਰਨ ਲਈ ਰਿਕਾਰਡਰ ਵੀ ਛੁਪਾਇਆ ਹੋਇਆ ਸੀ। ਉਸ ਰਿਕਾਡਰ ਵਿੱਚ ਪੱਤਰਕਾਰ ਦੇ ਦਫਤਰ ਵਿੱਚ ਹੋਈ ਸਾਰੀ ਗੱਲਬਾਤ ਅਤੇ ਅਤੇ ਸ਼ਿਕਾਇਤਾਂ ਵਾਪਸ ਕਰਵਾਉਣ ਲਈ ਰੁਪਏ ਦੀ ਪੇਸਕਸ ਕਰਨ ਵਾਲਿਆਂ ਨਾਲ ਹੋਈ ਸਾਰੀ ਗੱਲਬਾਤ ਵੀ ਮੋਹਾਲੀ ਪੁਲਿਸ ਦੇ ਹੱਥ ਲੱਗੀ ਸੀ | ਜਿਸ ਨੂੰ ਕਿਸੇ ਦਬਾਓ ਵਿੱਚ ਆ ਕੇ ਮੋਹਾਲੀ ਪੁਲਿਸ ਨੇ ਆਡੀਓ ਦੀ ਦੁਰਵਰਤੋਂ ਕਰਦੇ ਹੋਏ ਉਸਦੇ ਅਧੂਰੇ ਤੱਥਾਂ ਦੇ ਆਧਾਰ ਤੇ ਏਆਈਜੀ ਮਲਵਿੰਦਰ ਸਿੱਧੂ,ਸਮਾਜ ਸੇਵੀ ਬਲਵੀਰ ਸਿੰਘ ਆਲਮਪੁਰ ਅਤੇ ਇੱਕ ਅਣਪਛਾਤੇ ਵਿਅਕਤੀ ਤੇ ਫਿਰੌਤੀ ਮੰਗਣ ਦਾ ਪਰਚਾ ਦਰਜ ਕਰ ਲਿਆ ਗਿਆ ਸੀ ਅਤੇ ਹੁਣ ਉਸ ਅਣਪਛਾਤੇ ਵਿਅਕਤੀ ਦੀ ਵਜੋਂ ਪੱਤਰਕਾਰ ਤੱਗੜ ਨੂੰ ਪੁਲਿਸ ਵੱਲੋ ਤਲਬ ਕੀਤਾ ਗਿਆ ਸੀ |
ਪੱਤਰਕਾਰ ਤੱਗੜ ਨੇ ਦੋਸ਼ ਲਗਾਏ ਕਿ ਉਹ ਅਕਸਰ ਆਪਣੇ ਚੈਨਲ ਤੇ ਬਹੁਤ ਸਾਰੇ ਘਪਲਿਆਂ ਨੂੰ ਉਜਾਗਰ ਕਰਦਾ ਰਹਿੰਦਾ ਹੈ ਅਤੇ ਪੁਲਿਸ ਦੀ ਕਾਰਗੁਜਾਰੀ ਉੱਤੇ ਵੀ ਉਂਗਲ ਚੁੱਕਦਾ ਰਹਿੰਦਾ ਹੈ ਜਿਸ ਕਾਰਨ ਮੋਹਾਲੀ ਪੁਲਿਸ ਦੇ ਐਸਐਸਪੀ ਸਮੇਤ ਕਈ ਹੋਰ ਪੁਲਿਸ ਅਧਿਕਾਰੀ ਉਸ ਨਾਲ ਨਾਰਾਜ਼ ਰਹਿੰਦੇ ਹਨ, ਜਿਸ ਕਾਰਨ ਸਬਕ ਸਿਖਾਉਣ ਲਈ ਮੈਨੂੰ ਇਸ ਕੇਸ ਵਿੱਚ ਫਸਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਅੱਜ ਆਪਣੇ ਬਿਆਨਾਂ ਵਿੱਚ ਸਪੈਸਲ ਇਨਵੈਸਟੀਗੇਸਨ ਟੀਮ ਨੂੰ ਸਾਰੀ ਗੱਲ ਵਿਸਥਾਰ ਵਿੱਚ ਦੱਸ ਦਿੱਤੀ ਹੈ | ਜਿਸ ਕਾਰਨ ਜੇਕਰ ਉਸ ਵੱਲੋਂ ਪੇਸ ਕੀਤੇ ਗਏ ਬਿਆਨਾਂ ਅਤੇ ਸਬੂਤਾਂ ਦੇ ਅਧਾਰ ਤੇ ਸਹੀ ਜਾਂਚ ਹੋਈ ਤਾਂ ਫਰੌਤੀ ਮੰਗਣ ਦੀ ਇਹ ਐਫਆਈਆਰ ਝੂਠੀ ਸਾਬਤ ਹੋ ਜਾਵੇਗੀ ਅਤੇ ਪਰਚਾ ਰੱਦ ਕਰਨਾ ਬਣਦਾ ਹੈ।
ਉਹਨਾਂ ਨੇ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਜੇਕਰ ਪੁਲਿਸ ਵੱਲੋਂ ਫਿਰੌਤੀ ਮੰਗਣ ਦੀ ਉਪਰੋਕਤ ਐਫਆਈਆਰ ਬਿਲਕੁਲ ਸਹੀ ਹੈ ਤਾਂ ਜਿਸ ਆਡੀਓ ਰਿਕਾਰਡਿੰਗ ਦੇ ਆਧਾਰ ਤੇ ਇਹ ਪਰਚਾ ਦਰਜ ਕੀਤਾ ਗਿਆ ਹੈ ਉਹ ਸਾਰੀ ਆਡੀਓ ਬਿਨਾਂ ਕਿਸੇ ਕਾਂਟ ਛਾਂਟ ਦੇ ਪੁਲਿਸ ਵੱਲੋਂ ਜਾਰੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਸੱਚਾਈ ਦਾ ਆਮ ਜਨਤਾ ਨੂੰ ਵੀ ਪਤਾ ਲੱਗ ਸਕੇ।
ਇਸ ਮੌਕੇ ਤੇ ਪੱਤਰਕਾਰ ਨੂੰ ਫਿਰੌਤੀ ਮੰਗਣ ਦੇ ਝੂਠੇ ਕੇਸ ਵਿੱਚ ਖਿੱਚਣਾ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਤੇ ਹਮਲਾ ਮੰਨਦੇ ਹੋਏ ਜਨਤਕ ਜਥੇਬੰਦੀਆਂ ਦੇ ਆਗੂਆਂ ਬਲਵਿੰਦਰ ਸਿੰਘ ਕੁੰਬੜਾ, ਸਤਨਾਮ ਸਿੰਘ ਦਾਊਂ , ਕਿਸਾਨ ਆਗੂ ਬਲਵੰਤ ਸਿੰਘ ਨਡੀਆਲੀ,ਸੇਵਾ ਸਿੰਘ ਬਾਕਰਪੁਰ, ਲਾਲਾ ਬਾਕਰਪੁਰੀ,ਅਵਤਾਰ ਸਿੰਘ ਨਗਲਾ, ਸੀਪੀਆਈ ਆਗੂ ਬਲਵਿੰਦਰ ਸਿੰਘ ਜੜੋਤ,ਗੁਰਮੁਖ ਸਿੰਘ ਢੋਲਣ ਮਾਜਰਾ ਆਦਿ ਨੇ ਮੰਗ ਕੀਤੀ ਕਿ ਉੱਚ ਅਫਸਰਾਂ ਨੂੰ ਉਹ ਸਾਰੀ ਆਡੀਓ ਚੰਗੀ ਤਰ੍ਹਾਂ ਪੂਰੀ ਸੁਣ ਕੇ ਇਸ ਪਰਚੇ ਵਿੱਚ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਨਸਾਫ ਦੇਣਾ ਚਾਹੀਦਾ ਹੈ ਨਾ ਕਿ ਰੰਜਿਸ ਅਤੇ ਗੁੱਸੇ ਕਾਰਨ ਕਿਸੇ ਪੱਤਰਕਾਰ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੀਦਾ ਹੈ ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੱਤਰਕਾਰ ਭਾਈਚਾਰੇ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਅਤੇ ਨਜਾਇਜ ਤੰਗ ਪ੍ਰੇਸਾਨ ਕੀਤਾ ਗਿਆ ਤਾਂ ਲੋਕ ਹਿੱਤ ਲਈ ਕੰਮ ਕਰਨ ਵਾਲੀਆਂ ਜਨਤਕ ਜਥੇਬੰਦੀਆਂ ਵੱਡੇ ਪੱਧਰ ਤੇ ਇਸ ਦਾ ਵਿਰੋਧ ਕਰਨਗੀਆਂ ਅਤੇ ਸੰਘਰਸ ਕਰਨਗੀਆਂ।