July 2, 2024 9:53 pm
ਇਮੀਗ੍ਰੇਸ਼ਨ

ਕੈਨੇਡਾ ਭੇਜਣ ਦੇ ਨਾਂ ‘ਤੇ ਟਰੈਵਲ ਏਜੰਟ ‘ਤੇ ਲੱਖਾਂ ਰੁਪਏ ਦੀ ਠੱਗੀ ਦਾ ਦੋਸ਼, ਪੀੜਤਾਂ ਵਲੋਂ ਇਮੀਗ੍ਰੇਸ਼ਨ ਦਫ਼ਤਰ ‘ਚ ਹੰਗਾਮਾ

ਚੰਡੀਗੜ੍ਹ, 25 ਫ਼ਰਵਰੀ 2023: ਜਲੰਧਰ ਵਿੱਚ ਇਕ ਕਥਿਤ ਏਜੰਟਾਂ ਵੱਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਦੌਰਾਨ ਅੱਜ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਸਰਵਿਸਿਜ਼ ਦੇ ਦਫ਼ਤਰ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਇੱਕ ਪਰਿਵਾਰ ਵਲੋਂ ਅੱਜ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਸਰਵਿਸਿਜ਼ ਦੇ ਦਫ਼ਤਰ ਵਿੱਚ ਭਾਰੀ ਹੰਗਾਮਾ ਕੀਤਾ । ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਇਕ ਟਰੈਵਲ ਏਜੰਟ ਨੇ ਗੁਰਦਾਸਪੁਰ ਤੋਂ ਇਕ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਨਾਂ ‘ਤੇ 2.50 ਲੱਖ ਰੁਪਏ ਲਏ ਸਨ।

ਪਰਿਵਾਰਕ ਮੈਂਬਰਾਂ ਨੇ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਸਰਵਿਸਿਜ਼ ਦੇ ਮਾਲਕ ਸਿੰਧਾਤ ਕਟਾਰੀਆ ‘ਤੇ 2.5 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਨੇਡਾ ਜਾਣ ਲਈ ਉਕਤ ਟਰੈਵਲ ਏਜੰਟ ਤੋਂ ਪਰਿਵਾਰਕ ਵੀਜ਼ਾ ਲਗਵਾਇਆ ਸੀ। ਕਾਫੀ ਸਮਾਂ ਹੋ ਗਿਆ ਹੈ, ਅੱਜ ਤੱਕ ਵੀਜ਼ਾ ਨਹੀਂ ਮਿਲਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਜਾ ਰਹੇ ਹਨ। ਦੂਜੇ ਪਾਸੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਨਵੀਂ ਬਾਰਾਦਰੀ ਦੇ ਏ.ਐਸ.ਆਈ ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਰਾਹੀਂ ਇੱਥੇ ਹੰਗਾਮਾ ਹੋਣ ਦੀ ਸੂਚਨਾ ਮਿਲੀ ਸੀ।

ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਹਨ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਇੱਥੇ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੀੜਤ ਦਾ ਲੜਕਾ ਅਤੇ ਬੇਟੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਗਏ ਸਨ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਏ.ਐਸ.ਆਈ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਆ ਕੇ ਸੂਚਨਾ ਮਿਲੀ ਕਿ ਗਲੋਬਲ ਇਨੋਵੇਟਿਵ ਇਮੀਗ੍ਰੇਸ਼ਨ ਐਂਡ ਪਲੇਸਮੈਂਟ ਸਰਵਿਸਿਜ਼ ਦੇ ਮਾਲਕ ਸਿੰਧਾਤ ਕਟਾਰੀਆ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਉਨ੍ਹਾਂ ਦੇ ਇਮੀਗ੍ਰੇਸ਼ਨ ਦੇ ਲਾਇਸੈਂਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਅਜੇ ਤੱਕ ਪੀੜਤ ਪੱਖ ਤੋਂ ਕੋਈ ਵੀ ਉਨ੍ਹਾਂ ਕੋਲ ਨਹੀਂ ਆਇਆ ਹੈ। ਪੀੜਤ ਧਿਰ ਦੀ ਸ਼ਿਕਾਇਤ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।