Khanauri

ਵਿਜੀਲੈਂਸ ਵਲੋਂ ਆਰਟੀਏ ਦਫਤਰ ਦਾ ਅਕਾਊਂਟੈਂਟ ਅਤੇ ਨਿੱਜੀ ਸਹਾਇਕ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ

ਬਠਿੰਡਾ, 9 ਮਈ 2023: ਵਿਜੀਲੈਂਸ ਬਿਓਰੋ ਬਠਿੰਡਾ ਨੇ ਰੀਜਨਲ ਟਰਾਂਸਪੋਰਟ ਅਥਾਰਟੀ (RTA office) ਦੇ ਇੱਕ ਲੇਖਾਕਾਰ ਅਤੇ ਉਸ ਦੇ ਨਿੱਜੀ ਸਹਾਇਕ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ ਜੋ ਹਰ ਮਹੀਨੇ ਵੱਡੀਖੋਰੀ ਰਾਹੀਂ ਲੱਖਾਂ ਦੀ ਕਮਾਈ ਕਰਦੇ ਸਨ। ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਆਰਟੀਏ ਦਫਤਰ ਦੇ ਅਕਾਊਂਟੈਂਟ ਦਿਨੇਸ਼ ਕੁਮਾਰ ਅਤੇ ਪ੍ਰਾਈਵੇਟ ਸਹਾਇਕ ਰਾਜਵੀਰ ਉਰਫ ਰਾਜੂ ਵਜੋਂ ਹੋਈ ਹੈ। ਵਿਜੀਲੈਂਸ ਅਧਿਕਾਰੀਆਂ ਨੇ ਰਿਸ਼ਵਤਖੋਰੀ ਦੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ। ਜਦੋਂ ਇਸ ਤਰ੍ਹਾਂ ਰਿਸ਼ਵਤ ਹਾਸਲ ਕਰਨ ਸਬੰਧੀ ਤੱਥ ਸਾਹਮਣੇ ਆਏ ਤਾਂ ਅਧਿਕਾਰੀ ਵੀ ਦੰਗ ਰਹਿ ਗਏ ।

ਅਧਿਕਾਰੀਆਂ ਨੂੰ ਇਸ ਗੱਲ ਦੀ ਹੈਰਾਨੀ ਹੋ ਰਹੀ ਹੈ ਹਰ ਮਹੀਨੇ ਲੱਖਾਂ ਰੁਪਏ ਦੀ ਰਿਸ਼ਵਤ ਵਸੂਲੀ ਦਾ ਮਾਮਲਾ ਟਰਾਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਕਿਉਂ ਨਹੀਂ ਆਇਆ। ਵਿਜੀਲੈਂਸ ਟੀਮ ਇਹ ਪਤਾ ਲਾਉਣ ਵਿੱਚ ਜੁਟ ਗਈ ਹੈ ਕਿ ਨੋਟਾਂ ਦੀ ਚੱਕ ਥੱਲ ਵਿੱਚ ਕਿਧਰੇ ਕੋਈ ਅਧਿਕਾਰੀ ਜਾਂ ਕੋਈ ਕਰਮਚਾਰੀ ਤਾਂ ਸ਼ਾਮਲ ਨਹੀਂ। ਪਿਛਲੇ ਲੰਬੇ ਸਮੇਂ ਤੋਂ ਹੀ ਚਰਚੇ ਸਨ ਕਿ ਆਰਟੀਏ ਦਫਤਰ ਵਿੱਚ ਬਿਨਾਂ ਪੈਸਿਆਂ ਦੇ ਲੈਣ-ਦੇਣ ਤੋਂ ਕੋਈ ਕੰਮ ਨਹੀਂ ਹੁੰਦਾ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਨੂੰ ਇਸ ਤਰਾਂ ਰੋਜਾਨਾ ਦੇ ਕੰਮ-ਕਾਜ ਲਈ ਹੁੰਦੀ ਰਿਸ਼ਵਤਖੋਰੀ ਦੀ ਸੂਹ ਲੱਗੀ ਸੀ। ਇਸੇ ਦੌਰਾਨ ਇੱਕ ਸ਼ਿਕਾਇਤ ਕਰਤਾ ਹਰਪ੍ਰੀਤ ਸਿੰਘ ਸਾਹਮਣੇ ਆ ਗਿਆ।

ਹਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ਤੇ ਅਧਿਕਾਰੀਆਂ ਨੇ ਆਪਣਾ ਜਾਲ ਵਿਛਾਇਆ ਸੀ ਜਿਸ ਵਿੱਚ ਇਹ ਦੋਵੇਂ ਫਸ ਗਏ।ਗੁਪਤ ਤੌਰ ਤੇ ਘਾਤ ਲਗਾ ਕੇ ਬੈਠੀ ਵਿਜੀਲੈਂਸ ਟੀਮ ਨੇ ਮੁਲਜ਼ਮਾਂ ਨੂੰ ਉਸ ਵਕਤ ਦਬੋਚ ਲਿਆ ਜਦੋਂ ਉਹ ਹਰਪ੍ਰੀਤ ਸਿੰਘ ਵਾਸੀ ਬੀੜ ਕੋਲੋਂ ਰਿਸ਼ਵਤ ਦੇ ਤੌਰ ਤੇ ਇੱਕ ਹਜ਼ਾਰ ਰੁਪਏ ਲੈ ਰਿਹਾ ਸੀ । ਪਤਾ ਲੱਗਿਆ ਹੈ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਸਬੂਤ ਦੇ ਤੌਰ ਤੇ ਰਿਸ਼ਵਤ ਮਾਮਲੇ ਦੀ ਆਡੀਓ ਵੀ ਹਾਸਲ ਹੋਈ ਹੈ। ਦੱਸਿਆ ਜਾਂਦਾ ਹੈ ਕਿ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਵਿਜੀਲੈਂਸ ਕੋਲ ਵੱਢੀਖੋਰੀ ਨਾਲ ਸਬੰਧਤ ਹੋਰ ਕਈ ਤਰਾਂ ਦੇ ਤੱਥ ਸਾਹਮਣੇ ਲਿਆਂਦੇ ਸਨ ਜਿਸ ਤੋਂ ਬਾਅਦ ਦਿਨੇਸ਼ ਕੁਮਾਰ ਅਤੇ ਉਸਦੇ ਸਾਥੀ ਖ਼ਿਲਾਫ਼ ਕਾਰਵਾਈ ਦਾ ਮੁੱਢ ਬੱਝਾ ਹੈ।

ਵੇਰਵਿਆਂ ਅਨੁਸਾਰ ਅੱਜ ਡੀਐਸਪੀ ਵਿਜੀਲੈਂਸ ਸੰਦੀਪ ਸਿੰਘ ਅਤੇ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚੋਂ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਟਰਾਂਸਪੋਰਟ ਮਹਿਕਮੇ ਦਾ ਕੰਮਕਜ ਕਰਨ ਵਾਲੇ ਕੁੱਝ ਪ੍ਰਾਈਵੇਟ ਏਜੰਟ ਏਧਰ ਓਧਰ ਖਿਸਕ ਗਏ ਹਨ। ਵਿਜੀਲੈਂਸ ਟੀਮਾਂ ਨੇ ਅਜਿਹੇ ਦਲਾਲਾਂ ਤੇ ਵੀ ਅੱਖ ਰੱਖੀ ਲਈ ਹੈ ਤਾਂ ਜੋ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਸੂਤਰ ਦੱਸਦੇ ਹਨ ਕਿ ਮੁੱਢਲੀ ਪੜਤਾਲ ਦੌਰਾਨ ਜਾਂਚ ਟੀਮ ਦੇ ਹੱਥ ਕੁਝ ਅਜਿਹੇ ਕਾਗ਼ਜ਼ ਲੱਗੇ ਹਨ ਜਿਸ ਨਾਲ ਹੋਰ ਵੀ ਕਈਆਂ ਲਈ ਮੁਸੀਬਤ ਖੜੀ ਹੋ ਸਕਦੀ ਹੈ। ਫਿਲਹਾਲ ਸੀਨੀਅਰ ਅਧਿਕਾਰੀ ਇਸ ਮਾਮਲੇ ਸਬੰਧੀ ਬਹੁਤਾ ਕੁਝ ਬੋਲਣ ਨੂੰ ਤਿਆਰ ਨਹੀਂ।

ਵਿਜੀਲੈਂਸ ਦੇ ਇੰਸਪੈਕਟਰ ਅਮਨਦੀਪ ਸਿੰਘ ਨਾ ਕਹਿਣਾ ਸੀ ਕਿ ਪਿਛਲੇ ਕਾਫ਼ੀ ਸਮੇਂ ਤੋਂ ਆਰਟੀਏ ਦਫਤਰ ਵਿਚ ਫੈਲੇ ਭ੍ਰਿਸ਼ਟਾਚਾਰ ਸਬੰਧੀ ਜਾਣਕਾਰੀ ਮਿਲ ਰਹੀ ਸੀ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਸ਼ਿਕਾਇਤ ਕਰਤਾ ਹਰਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ ਦਿੱਤੀ ਜਿਸ ਦੇ ਅਧਾਰ ਤੇ ਕਾਰਵਾਈ ਕਰਦਿਆਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਿਨੇਸ਼ ਕੁਮਾਰ ਅਤੇ ਰਾਜਵੀਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਜੇਕਰ ਕਿਸੇ ਹੋਰ ਅਧਿਕਾਰੀ ਦੀ ਭੂਮਿਕਾ ਸਾਹਮਣੇ ਆਈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Scroll to Top