July 2, 2024 10:10 pm
ਮੌਸਮ ਵਿਭਾਗ

ਮੌਸਮ ਵਿਭਾਗ ਅਨੁਸਾਰ ਸੁਹਾਵਣੇ ਮੌਸਮ ਨਾਲ ਹੋਵੇਗੀ ਅਪ੍ਰੈਲ ਦੀ ਸ਼ੁਰੂਆਤ, ਦਿੱਲੀ ‘ਚ ਪਈ ਭਾਰੀ ਬਾਰਿਸ਼

ਚੰਡੀਗੜ੍ਹ, 30 ਮਾਰਚ 2023: ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਕ ਵਾਰ ਫਿਰ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ । ਸ਼ਾਮ 4.30 ਵਜੇ ਦੇ ਕਰੀਬ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ ‘ਚ ਹਨੇਰਾ ਛਾ ਗਿਆ । ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਵੀ ਹੋਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਦੇਰ ਸ਼ਾਮ ਨੂੰ ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ‘ਚ ਤੇਜ਼ ਗਰਜ ਨਾਲ ਬਾਰਿਸ਼ ਪਈ ।

ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਤੇਜ਼ ਧੁੱਪ ਤੋਂ ਬਾਅਦ ਸ਼ਾਮ ਨੂੰ ਮੌਸਮ ਨੇ ਕਰਵਟ ਲੈ ਲਈ। ਜਿਸ ਕਾਰਨ ਬੁੱਧਵਾਰ ਸ਼ਾਮ ਨੂੰ ਵੀ ਦਿੱਲੀ ਦੇ ਕਈ ਇਲਾਕਿਆਂ ‘ਚ ਬਾਰਿਸ਼ ਪਈ । ਮੌਸਮ ਵਿਭਾਗ ਅਨੁਸਾਰ 30 ਮਾਰਚ ਤੋਂ ਇਲਾਵਾ 31 ਮਾਰਚ ਨੂੰ ਵੀ ਮੀਂਹ ਦਾ ਇਹ ਦੌਰ ਜਾਰੀ ਰਹਿ ਸਕਦਾ ਹੈ। ਇਸ ਦੇ ਨਾਲ ਹੀ ਕੁਝ ਇਲਾਕਿਆਂ ‘ਚ ਗੜੇ ਪੈਣ ਅਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ। 4 ਅਪ੍ਰੈਲ ਤੋਂ ਬਾਅਦ ਇਕ ਵਾਰ ਫਿਰ ਤਾਪਮਾਨ ਵਧਣ ਦਾ ਅਨੁਮਾਨ ਹੈ।

ਮੌਸਮ ਵਿਭਾਗ ਅਨੁਸਾਰ ਅਪ੍ਰੈਲ ਦੀ ਸ਼ੁਰੂਆਤ ਵੀ ਸੁਹਾਵਣੇ ਮੌਸਮ ਦੇ ਨਾਲ ਰਹੇਗੀ। 4 ਅਪ੍ਰੈਲ ਤੱਕ ਵੱਧ ਤੋਂ ਵੱਧ ਤਾਪਮਾਨ 28 ਤੋਂ 31 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 15 ਤੋਂ 16 ਡਿਗਰੀ ਦੇ ਵਿਚਕਾਰ ਰਹੇਗਾ। ਆਮ ਤੌਰ ‘ਤੇ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਵੱਧ ਤੋਂ ਵੱਧ ਤਾਪਮਾਨ 33.5 ਅਤੇ ਘੱਟੋ-ਘੱਟ ਤਾਪਮਾਨ 18.5 ਡਿਗਰੀ ਸੈਲਸੀਅਸ ਹੁੰਦਾ ਹੈ।