July 7, 2024 5:42 am
Medical Students

Medical Students: ਮੈਡੀਕਲ ਵਿਦਿਆਰਥੀਆਂ ਲਈ ਰਿਹਾਇਸ਼ ਦਾ ਮੁੱਦਾ ਛੇਤੀ ਹੱਲ ਕੀਤਾ ਜਾਵੇਗਾ: DC ਆਸ਼ਿਕਾ ਜੈਨ

ਐਸ.ਏ.ਐਸ.ਨਗਰ, 14 ਜੂਨ, 2024: ਡਾ. ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਮੋਹਾਲੀ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ (Medical Students) ਦੇ ਆਰਜ਼ੀ ਹੋਸਟਲ ਦੀ ਮੁਸ਼ਕਿਲ ਦੇ ਹੱਲ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਡੀ ਏ ਸੀ ਮੋਹਾਲੀ ਵਿਖੇ ਮੈਡੀਕਲ ਕਾਲਜ ਦੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ।

ਡਾਇਰੈਕਟਰ-ਪ੍ਰਿੰਸੀਪਲ ਭਵਨੀਤ ਭਾਰਤੀ ਨੂੰ ਐੱਮ.ਬੀ.ਬੀ.ਐੱਸ. ਦੇ ਵਿਦਿਆਰਥੀਆਂ ਲਈ ਹੋਸਟਲ ਵਜੋਂ ਪੂਰਬ ਅਪਾਰਟਮੈਂਟਸ ਦੀ ਕਿਰਾਏ ‘ਤੇ ਵਰਤੋਂ ਸਬੰਧੀ ਰਿਹਾਇਸ਼ ਦੀ ਉਪਲਬਧਤਾ ਦੀ ਲੰਬਿਤ ਮਨਜ਼ੂਰੀ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਉਂਕਿ ਇਸ ਸਬੰਧੀ ਫਾਈਲ ਆਮ ਪ੍ਰਸ਼ਾਸਨ ਵਿਭਾਗ ਕੋਲ ਪੈਂਡਿੰਗ ਹੈ, ਇਸ ਲਈ ਜਲਦੀ ਹੀ ਇਸ ਦੀ ਪੈਰਵੀ ਕੀਤੀ ਜਾਵੇਗੀ।

ਇਸਤੋਂ ਪਹਿਲਾਂ ਡਾਇਰੈਕਟਰ-ਪ੍ਰਿੰਸੀਪਲ ਨੇ ਡਿਪਟੀ ਕਮਿਸ਼ਨਰ ਜੈਨ ਨੂੰ ਵਿੱਤ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਬਾਰੇ ਜਾਣੂ ਕਰਵਾਇਆ, ਜਿਸ ਵਿੱਚ ਏ ਆਈ ਐਮ ਐਸ ਮੁਹਾਲੀ ਨੂੰ ਕਿਰਾਏ ’ਤੇ 28 ਫਲੈਟ ਦੇਣ ਦਾ ਫੈਸਲਾ ਲਿਆ ਗਿਆ ਸੀ।

ਇਸ ਤੋਂ ਇਲਾਵਾ, ਜੁਝਾਰ ਨਗਰ ਅਤੇ ਬਹਿਲੋਲਪੁਰ ਵਿੱਚ ਕਾਲਜ ਦੀ ਥਾਂ ਤੇ ਨਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਉਠਾਇਆ ਗਿਆ ਅਤੇ ਠੇਕੇਦਾਰ ਨੂੰ ਬਕਾਇਆ ਅਦਾਇਗੀਆਂ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਖੇਤਰਾਂ ਨੂੰ ਤੁਰੰਤ ਖਾਲੀ ਕਰਨ ਦੀ ਤੁਰੰਤ ਲੋੜ ‘ਤੇ ਜ਼ੋਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਨਜਾਇਜ਼ ਕਬਜ਼ਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਕਬਜ਼ਿਆਂ ਨੂੰ ਖਾਲੀ ਕਰਵਾਉਣ ਦਾ ਮਾਮਲਾ ਪਹਿਲ ਦੇ ਆਧਾਰ ’ਤੇ ਨਿਪਟਾਇਆ ਜਾਵੇਗਾ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦੀ ਹੀ ਕੰਮ ’ਤੇ ਲਾਇਆ ਜਾਵੇਗਾ।

ਡਾਇਰੈਕਟਰ-ਪ੍ਰਿੰਸੀਪਲ ਨੇ ਡਿਪਟੀ ਕਮਿਸ਼ਨਰ ਨੂੰ ਐੱਮ.ਬੀ.ਬੀ.ਐੱਸ. ਲਈ ਵਿਦਿਆਰਥੀਆਂ (Medical Students) ਦੇ ਹੁਣ ਤੱਕ ਆ ਚੁੱਕੇ ਤਿੰਨ ਬੈਚਾਂ ਅਤੇ ਚੌਥੇ ਬੈਚ ਨੂੰ ਅਗਲੀ ਕੇਂਦਰੀ ਕਾਊਂਸਲਿੰਗ ਤੋਂ ਬਾਅਦ ਦਾਖਲ ਕਰਨ ਬਾਰੇ ਵੀ ਜਾਣੂ ਕਰਵਾਇਆ।

ਡਿਪਟੀ ਕਮਿਸ਼ਨਰ ਨੇ ਮੈਡੀਕਲ ਕਾਲਜ ਦੀ ਰੋਜ਼ਾਨਾ ਦੀ ਕਾਰਵਾਈ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਸੁਚੱਜੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਮੈਡੀਕਲ ਕਾਲਜ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਮੀਟਿੰਗ ਵਿੱਚ ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਏ ਆਈ ਐਮ ਐਸ ਦੇ ਮੈਡੀਕਲ ਸੁਪਰਡੈਂਟ ਡਾਕਟਰ ਨਵਦੀਪ ਸੈਣੀ, ਐਸ ਡੀ ਐਮ ਮੁਹਾਲੀ ਦੀਪਾਂਕਰ ਗਰਗ ਅਤੇ ਜ਼ਿਲ੍ਹਾ ਮਾਲ ਅਫਸਰ ਹਰਮਿੰਦਰ ਸਿੰਘ ਹੁੰਦਲ ਵੀ ਹਾਜ਼ਰ ਸਨ।