ਚੰਡੀਗੜ੍ਹ, 2 ਫਰਵਰੀ 2023: ਹਰਿਆਣਾ ਦੇ ਸਿਵਲ ਸਕੱਤਰੇਤ (Civil Secretariat of Haryana) ‘ਚ ਬੀਤੇ ਦਿਨ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਲੇਖਾ ਅਧਿਕਾਰੀ 7ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਲੇਖਾ ਅਧਿਕਾਰੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਹਾਦਸੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਨੌਜਵਾਨ ਨੇ ਖੁਦ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ ਕੀਤੀ ਹੈ ਜਾਂ ਨਹੀਂ। ਇਸਦੇ ਨਾਲ ਹੀ ਇਸ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਅਧਿਕਾਰੀ ਨੂੰ ਕਿਸੇ ਨੇ ਧੱਕਾ ਦਿੱਤਾ ਜਾਂ ਨਹੀਂ। ਹਾਲਾਂਕਿ ਚੰਡੀਗੜ੍ਹ ਪੁਲਿਸ ਨੇ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਕਰ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੌਜਵਾਨ ਮਨਦੀਪ ਕੁਮਾਰ ਹਰਿਆਣਾ ਸਿਵਲ ਸਕੱਤਰੇਤ ‘ਚ ਲੇਖਾ ਅਧਿਕਾਰੀ ਵਜੋਂ ਕੰਮ ਕਰਦਾ ਹੈ। ਜਦੋਂ ਲੇਖਾ ਅਧਿਕਾਰੀ ਡਿੱਗਿਆ ਤਾਂ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਉੱਥੇ ਮੌਜੂਦ ਸਨ। ਘਟਨਾ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ ਐਂਬੂਲੈਂਸ ਬੁਲਾ ਕੇ ਜ਼ਖਮੀ ਅਧਿਕਾਰੀ ਨੂੰ ਹਸਪਤਾਲ ਪਹੁੰਚਾਇਆ।