Shri Salasar Dham

ਹੁਸ਼ਿਆਰਪੁਰ ਤੋਂ ਸ਼ਰਧਾਲੂਆਂ ਲਈ ਸ਼੍ਰੀ ਸਾਲਾਸਰ ਧਾਮ ਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ AC ਵੋਲਵੋ ਬੱਸ ਰਵਾਨਾ

ਹੁਸ਼ਿਆਰਪੁਰ, 12 ਦਸੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਅੱਜ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਤੋਂ ਸ਼੍ਰੀ ਸਾਲਾਸਰ ਧਾਮ (Shri Salasar Dham) ਅਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਚੱਲ ਰਹੀ ਪਹਿਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰੰਜੀਤਾ ਚੌਧਰੀ, ਕਮਿਸ਼ਨਰ ਨਗਰ ਨਿਗਮ ਜੋਤੀ ਬਾਲਾ ਮੱਟੂ ਅਤੇ ਐਸਡੀਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਵੀ ਮੌਜੂਦ ਸਨ।

ਹੁਸ਼ਿਆਰਪੁਰ ਤੋਂ ਸ਼੍ਰੀ ਸਾਲਾਸਰ ਧਾਮ (Shri Salasar Dham) ਅਤੇ ਸ਼੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕ ਦੇਸ਼ ਭਰ ਦੇ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਯਾਤਰਾ ਦੀ ਸਹੂਲਤ ਮੁਫਤ ਦਿੱਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਇਸ ਸਕੀਮ ਤਹਿਤ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਖਰਚਾ ਪੰਜਾਬ ਸਰਕਾਰ ਸਹਿਣ ਕਰੇਗੀ, ਜਿਸ ਵਿੱਚ ਉਨ•ਾਂ ਦੇ ਸਫਰ, ਰਿਹਾਇਸ਼ ਅਤੇ ਖਾਣ-ਪੀਣ ਦੇ ਸਾਰੇ ਖਰਚੇ ਸ਼ਾਮਲ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਵਿੱਤਰ ਅਸਥਾਨਾਂ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਣਸੀ, ਅਯੁੱਧਿਆ ਅਤੇ ਵ੍ਰਿੰਦਾਨਾ (ਉੱਤਰ ਪ੍ਰਦੇਸ਼), ਸ੍ਰੀ ਅਜਮੇਰ ਸ਼ਰੀਫ਼ (ਰਾਜਸਥਾਨ) ਦੀ ਯਾਤਰਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਸਾਲਾਸਰ ਧਾਮ, ਸ੍ਰੀ ਖਾਟੂ ਸ਼ਿਆਮ ਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਵੈਸ਼ਨੋ ਦੇਵੀ ਜੀ, ਮਾਤਾ ਜਵਾਲਾ ਜੀ ਆਦਿ ਅਸਥਾਨਾਂ ਦੀਆਂ ਯਾਤਰਾਵਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਰੋਜ਼ਾਨਾ ਬੱਸਾਂ ਅਤੇ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਬ੍ਰਹਮ ਸ਼ੰਕਰ ਜਿੰਪਾ ਨੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਨੇ ਇਸ ਤੀਰਥ ਯਾਤਰਾ ‘ਤੇ ਜਾਣ ਲਈ ਦੋ ਤਰ੍ਹਾਂ ਦੇ ਸਾਧਨਾਂ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੰਬੀ ਦੂਰੀ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਦਾ ਸਾਧਨ ਰੇਲਗੱਡੀ ਅਤੇ ਛੋਟੀ ਦੂਰੀ ਲਈ ਸੜਕ ਮਾਰਗ ਰਾਹੀਂ ਏ.ਸੀ. ਬੱਸਾਂ ਰਾਹੀਂ ਯਾਤਰਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਜੋ ਬੁਢਾਪੇ ਅਤੇ ਆਰਥਿਕ ਤੰਗੀ ਕਾਰਨ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਸੂਬਾ ਸਰਕਾਰ ਦੀ ਇਸ ਵਿਸ਼ੇਸ਼ ਯੋਜਨਾ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਇਸ ਮੌਕੇ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਆਰ.ਐਸ.ਗਿੱਲ, ਜੀ.ਐਮ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਜਸਬੀਰ ਕੋਟਲਾ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਰਾਜੇਸ਼ਵਰ ਦਿਆਲ ਬੱਬੀ, ਵਰਿੰਦਰ ਸ਼ਰਮਾ ਬਿੰਦੂ, ਸਚਿਨ ਗੁਪਤਾ, ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਸਤਵੰਤ ਸਿੰਘ ਸਿਆਣ, ਕੌਂਸਲਰ ਸ. ਵਿਜੇ ਅਗਰਵਾਲ, ਪ੍ਰਦੀਪ ਬਿੱਟੂ, ਸੰਤੋਸ਼ ਸੈਣੀ, ਧੀਰਜ ਸ਼ਰਮਾ, ਮੁਨੀਸ਼ ਸ਼ਰਮਾ, ਮਨੀ ਗੋਗੀਆ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Scroll to Top