16 ਨਵੰਬਰ 2024: ਅਬੋਹਰ ਪੁਲਿਸ (abohar police) ਵੱਲੋਂ “ਪ੍ਰੋਜੈਕਟ ਸੰਪਰਕ” ਤਹਿਤ ਪੁਲਿਸ ਅਤੇ ਪਬਲਿਕ ਵਿਚਕਾਰ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਅਬੋਹਰ ਸ਼ਹਿਰ ਵਿਖੇ ਅਰੋੜਵੰਸ਼ ਧਰਮਸ਼ਾਲਾ ਵਿੱਚ ਵਿਸ਼ੇਸ਼ ਸੈਮੀਨਾਰ (seminar) ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੀ ਅਗਵਾਈ ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਸ਼੍ਰੀ ਵਰਿੰਦਰ ਸਿੰਘ ਬਰਾੜ ਜੀ ਨੇ ਕੀਤੀ। ਸਮਾਗਮ ਵਿੱਚ ਪੁਲਿਸ ਅਧਿਕਾਰੀ, ਸਥਾਨਕ ਨਾਗਰਿਕ, ਸਮਾਜਸੇਵੀ ਸੰਗਠਨਾਂ ਦੇ ਪ੍ਰਤੀਨਿਧੀਆਂ ਅਤੇ ਨੌਜਵਾਨਾਂ ਦੀ ਵੱਡੀ ਹਾਜ਼ਰੀ ਰਹੀ।
ਇਹ ਰਾਬਤਾ ਸਿਰਫ ਸੁਰੱਖਿਆ ਦੇ ਮਾਮਲਿਆਂ ਲਈ ਨਹੀਂ, ਸਗੋਂ ਭਰੋਸਾ ਅਤੇ ਸਮਾਜਿਕ ਸਮਰੱਥਾ ਵਧਾਉਣ ਲਈ ਵੀ ਜ਼ਰੂਰੀ ਹੈ। ਸਮਾਜ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਅਤੇ ਨਸ਼ਾ ਮੁਕਤ ਪੰਜਾਬ ਬਣਾਉਣਾ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਹੈ।
ਸੈਮੀਨਾਰ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਨੇ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਅਤੇ ਸਮਾਜ ਦੇ ਹੋ ਰਹੇ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਕਿ ਨਸ਼ੇ ਸਿਰਫ਼ ਵਿਅਕਤੀਗਤ ਜੀਵਨ ਹੀ ਨਹੀਂ, ਸਗੋਂ ਪਰਿਵਾਰ ਅਤੇ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ। ਇਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਤੇ ਸਿਹਤਮੰਦ ਗਤਿਵਿਧੀਆਂ ਵੱਲ ਰੁਝਾਣ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਸਮਾਰੋਹ ਦੌਰਾਨ ਐਸ.ਐਸ.ਪੀ ਫਾਜ਼ਿਲਕਾ ਜੀ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਦਾ ਭਰੋਸਾ ਦਿੱਤਾ ਅਤੇ ਆਮ ਪਬਲਿਕ ਨੇ ਵੀ ਨਸ਼ਾ ਖਤਮ ਕਰਨ ਲਈ ਆਪਣੇ ਆਪਣੇ ਸੁਝਾਅ ਦਿੱਤੇ।
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਸਹਿਯੋਗ ਦੇਣ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੇ ਕਿਹਾ ਕਿ ਹਰ ਪਿੰਡ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣਾ ਸਿਰਫ ਪੁਲਿਸ ਦਾ ਕੰਮ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਸਮਾਜਕ ਸੰਗਠਨਾਂ, ਪੰਚਾਇਤਾਂ ਅਤੇ ਨੌਜਵਾਨਾਂ ਨੂੰ ਇਸ ਜੰਗ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਆਹਵਾਨ ਕੀਤਾ ਗਿਆ।
ਇਹ ਸਮਾਗਮ ਫਾਜ਼ਿਲਕਾ ਪੁਲਿਸ ਦੀ ਨਸ਼ਾ ਮੁਕਤ ਭਾਰਤ ਦੇ ਉਦੇਸ਼ ਦੀ ਪ੍ਰਾਪਤੀ ਵੱਲ ਇਕ ਮ′ਜ਼ਬੂਤ ਕਦਮ ਹੈ।