ਚੰਡੀਗੜ੍ਹ, 16 ਮਈ 2024: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਨੇ ਕਿਹਾ ਹੈ ਕਿ ਅਬਦੁੱਲਾ, ਮੁਫਤੀ ਅਤੇ ਗਾਂਧੀ-ਨਹਿਰੂ ਪਰਿਵਾਰ ਨੇ ਜੰਮੂ-ਕਸ਼ਮੀਰ ਨੂੰ ਵਿਕਾਸ ਤੋਂ ਵਾਂਝਾ ਰੱਖਿਆ ਅਤੇ ਉੱਥੇ ਅਮਨ-ਸ਼ਾਂਤੀ ਦੀ ਬਜਾਏ ਤਿੰਨਾਂ ਪਰਿਵਾਰਾਂ ਨੇ ਤਬਾਹੀ ਅਤੇ ਬਰਬਾਦੀ ਦਿੱਤੀ ।
ਪੁੰਛ ਜ਼ਿਲ੍ਹੇ ਦੇ ਸੂਰਨਕੋਟ ਵਿਖੇ ਭਾਜਪਾ ਵਰਕਰਾਂ ਦੀ ਜਨਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਪਰਿਵਾਰਾਂ ਅਤੇ ਇਨ੍ਹਾਂ ਦੀਆਂ ਵੰਸ਼ਵਾਦੀ ਪਾਰਟੀਆਂ ਦੀ ਨਜ਼ਰ ਵਿੱਚ ਜੰਮੂ-ਕਸ਼ਮੀਰ ਲੋਕਤੰਤਰ ਨਹੀਂ ਸਗੋਂ ਲੁੱਟਤੰਤਰ ਦਾ ਸਾਧਨ ਹੈ। ਉਨ੍ਹਾਂ ਨੇ ਕਿਹਾ ਕਿ 2004 ਤੋਂ 2014 ਦਰਮਿਆਨ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੌਰਾਨ ਫੈਲੇ ਭ੍ਰਿਸ਼ਟਾਚਾਰ ਨੇ ਭਾਰਤ ਦੀ ਸਾਖ ਨੂੰ ਢਾਹ ਲਾਈ ਸੀ। ਭਾਰਤ ਇੱਕ ਭ੍ਰਿਸ਼ਟ ਅਤੇ ਦਿਸ਼ਾਹੀਣ ਦੇਸ਼ ਗਿਣਿਆ ਜਾਣ ਲੱਗਾ ਸੀ।
ਪਿਛਲੇ 10 ਸਾਲਾਂ ਵਿੱਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਚੁੱਘ ਨੇ ਕਿਹਾ ਕਿ ਇੱਕ ਪਾਸੇ ਵਿਕਾਸ ਅਤੇ ਮੋਦੀ ਦੀ ਅਗਵਾਈ ਵਿੱਚ ਭਰੋਸਾ ਹੈ, ਜਦਕਿ ਦੂਜੇ ਪਾਸੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਭ੍ਰਿਸ਼ਟਾਚਾਰ ਅਤੇ ‘ਮਾਫੀਆ ਰਾਜ’ ਦੀ ਪ੍ਰਤੀਨਿਧਤਾ ਕਰਦੇ ਹਨ। ਅੱਜ ਵੀ ਇਹ ਤਿੰਨੇ ਵੰਸ਼ਵਾਦੀ ਪਾਰਟੀਆਂ ਖੁਸ਼ਹਾਲ ਜੰਮੂ-ਕਸ਼ਮੀਰ ਦੇਖਣ ਦੀਆਂ ਲੋਕਾਂ ਦੀਆਂ ਇੱਛਾਵਾਂ ਨੂੰ ਢਾਹ ਲਾ ਰਹੀਆਂ ਹਨ।
ਭਾਜਪਾ ਰਾਸ਼ਟਰੀ ਜਨਰਲ ਸਕੱਤਰ (Tarun Chugh) ਨੇ ਕਿਹਾ ਕਿ ਮੋਦੀ ਸਰਕਾਰ ਦੀ ਅਗਵਾਈ ‘ਚ ਭਾਰਤ ਦੀ ਅਰਥਵਿਵਸਥਾ ਦੁਨੀਆ ‘ਚ 11ਵੇਂ ਸਥਾਨ ਤੋਂ 5ਵੇਂ ਸਥਾਨ ‘ਤੇ ਪਹੁੰਚ ਗਈ ਹੈ। ਦੁਨੀਆ ਦੀ ਸਭ ਤੋਂ ਸਸਤੀ ਅਤੇ ਕਾਰਗਰ ਦਵਾਈਆਂ ਭਾਰਤ ਵਿੱਚ ਬਣ ਰਹੀਆਂ ਹਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਮੁਫ਼ਤ ਦਿੱਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੇ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਚੁੱਕੇ ਹਨ ਅਤੇ ਗਰੀਬੀ ਇੱਕ ਫੀਸਦੀ ਤੋਂ ਵੀ ਘੱਟ ਹੋ ਗਈ ਹੈ। ਅੱਜ ਅਸੀਂ 55 ਕਰੋੜ ਲੋਕਾਂ ਨੂੰ 5 ਲੱਖ ਰੁਪਏ ਦਾ ਸਾਲਾਨਾ ਸਿਹਤ ਬੀਮਾ ਕਵਰ ਪ੍ਰਦਾਨ ਕਰਕੇ ਇੱਕ ਸਿਹਤਮੰਦ ਭਾਰਤ ਦੀ ਸਿਰਜਣਾ ਕੀਤੀ ਹੈ। ਸੇਵਾ, ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਨੂੰ ਸਮਰਪਿਤ ਮੋਦੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾ ਰਹੀ ਹੈ, ਜਿਸ ਤੋਂ ਵਿਰੋਧੀ ਧਿਰ ਨਾਰਾਜ਼ ਲੱਗ ਰਿਹਾ ਹੈ।
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਚੁੱਘ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਦਾ ਸੰਕਲਪ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ ਅਤੇ ਦੂਜੇ ਪਾਸੇ ਕਾਂਗਰਸ ਅਤੇ ਇੰਡੀਆ ਗਠਜੋੜ ਦਾ ਉਦੇਸ਼ ਭ੍ਰਿਸ਼ਟਾਚਾਰ ਨੂੰ ਰੋਕਣਾ ਅਤੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣਾ ਹੈ। ਇੰਡੀਆ ਗਠਜੋੜ ਨੂੰ ਜਨਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸਿਰਫ ਆਪਣੇ ਪਰਿਵਾਰਾਂ ਦਾ ਹੀ ਫਿਕਰ ਹੈ। ਦੇਸ਼ ਅਤੇ ਜੰਮੂ-ਕਸ਼ਮੀਰ ਦੇ ਲੋਕ ਇਨ੍ਹਾਂ ਪਾਰਟੀਆਂ ਨੂੰ ਚੰਗੀ ਤਰ੍ਹਾਂ ਪਛਾਣ ਚੁੱਕੇ ਹਨ।