ਚੰਡੀਗੜ੍ਹ/ਦਿੱਲੀ, 10 ਫਰਵਰੀ 2025: ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਨੇ ਅੱਜ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਦਿੱਲੀ ਵਿਧਾਨ ਸਭਾ ਦੇ ਨਤੀਜਿਆਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਨਕਲੀ ਚਿਹਰਾ ਦੇਸ਼ ਦੇ ਸਾਹਮਣੇ ਬੇਨਕਾਬ ਹੋ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ‘ਚ ‘ਆਪ’ ਸਰਕਾਰ ਦੇ ਪਤਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।
ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ‘ਚ ‘ਆਪ’ ਤਾਸ਼ ਦੇ ਪੱਤਿਆਂ ਵਾਂਗ ਹੈ ਜੋ ਛੇਤੀ ਹੀ ਢਹਿ-ਢੇਰੀ ਹੋ ਜਾਵੇਗੀ ਕਿਉਂਕਿ ਭਗਵੰਤ ਮਾਨ ਸਰਕਾਰ ਜਿਸ ਬਹੁ-ਚਰਚਿਤ ਦਿੱਲੀ ਮਾਡਲ ਨੂੰ ਪੰਜਾਬ ‘ਚ ਲਾਗੂ ਕਰਨਾ ਚਾਹੁੰਦੀ ਸੀ, ਉਸਨੂੰ ਦਿੱਲੀ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ, “ਕੇਜਰੀਵਾਲ ਅਤੇ ਉਨ੍ਹਾਂ ਦੇ ਮਾਡਲ ਨੂੰ ਦਿੱਲੀ ਵਾਸੀਆਂ ਨੇ ਯਮੁਨਾ ‘ਚ ਸੁੱਟ ਦਿੱਤਾ ਹੈ।”
ਤਰੁਣ ਚੁੱਘ (Tarun Chugh) ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਦਿੱਲੀ ਦਾ ਨਕਲੀ ਮਾਡਲ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ 10 ਸਾਲਾਂ ਤੱਕ ਦਿੱਲੀ ਦੇ ਲੋਕਾਂ ਨੂੰ ਧੋਖਾ ਹੀ ਦਿੱਤਾ ਹੈ | ਉਨ੍ਹਾਂ ਕਿਹਾ, ਸ਼ਰਾਬ ਘਪਲਾ, ਸਕਾਲਰਸ਼ਿਪ ਘਪਲਾ, ਸਿੱਖਿਆ ਅਤੇ ਸਿਹਤ, ਜਲ ਬੋਰਡ ਘਪਲਾ, ਕੇਜਰੀਵਾਲ ਨੇ ਦਿੱਲੀ ਨੂੰ ਧੋਖਾ ਦੇਣ ‘ਤੇ ਧਿਆਨ ਕੇਂਦਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਗੁੰਮਰਾਹ ਹੋਣ ਦੀ ਗਲਤੀ ਦਾ ਅਹਿਸਾਸ ਹੋ ਚੁੱਕਾ ਹੈ ਅਤੇ ਹੁਣ ਪੰਜਾਬ ‘ਆਪ’ ਸਰਕਾਰ ਦਾ ਅੰਤ ਦੇਖਣ ਲਈ ਤਿਆਰ ਹੈ। ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ, ‘ਆਪ’ ਸਰਕਾਰ ਹਰ ਮੋਰਚੇ ‘ਤੇ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਅਤੇ ਸੂਬੇ ‘ਚ ਗੈਂਗਸਟਰ ਅਤੇ ਹੋਰ ਮਾਫੀਆ ਖੁੱਲ੍ਹੇਆਮ ਘੁੰਮ ਰਹੇ ਹਨ, ਪੰਜਾਬ ਹੁਣ ਬਦਲਾਅ ਦੀ ਤਲਾਸ਼ ‘ਚ ਹੈ।
ਪੰਜਾਬ ‘ਚ ਕਾਂਗਰਸ ਵੱਲੋਂ ‘ਆਪ’ ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕਰਨ ਦੇ ਸਵਾਲ ‘ਤੇ, ਚੁੱਘ ਨੇ ਚੁਟਕੀ ਲੈਂਦਿਆਂ ਕਿਹਾ ਕਿ ਦੇਸ਼ ਦੇ ਲਗਭਗ ਸਾਰੇ ਹਿੱਸਿਆਂ ‘ਚ ਕਾਂਗਰਸ ਦਾ ਸਫਾਇਆ ਹੋ ਗਿਆ ਹੈ। ਕਾਂਗਰਸ ਪਹਿਲਾਂ ਹੀ ਵੈਂਟੀਲੇਟਰ ‘ਤੇ ਹੈ ਕਿਉਂਕਿ ਇਹ ਇੱਕ ਨੇਤਾਹੀਣ ਪਾਰਟੀ ਬਣ ਗਈ ਹੈ। ਚੁੱਘ ਨੇ ਕਿਹਾ ਕਿ ਭਾਜਪਾ ਪੰਜਾਬ ‘ਚ ਵਿਰੋਧੀ ਧਿਰ ਵਜੋਂ ਇੱਕ ਜ਼ਿੰਮੇਵਾਰ ਭੂਮਿਕਾ ਨਿਭਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਲੋਕਾਂ ਦਾ ਦਿਲ ਜਿੱਤੇਗੀ।
Read More: ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ, 11 ਕਰੋੜ 60 ਲੱਖ ਤੋਂ ਵੱਧ ਮੈਂਬਰ ਬਣੇ: ਤਰੁਣ ਚੁੱਘ