MP Raghav Chadha

ਆਪ MP ਰਾਘਵ ਚੱਢਾ ਨੂੰ ਅਦਾਲਤ ਵੱਲੋਂ ਝਟਕਾ, ਟਾਈਪ-7 ਬੰਗਲਾ ਖਾਲੀ ਕਰਨ ਦੇ ਹੁਕਮ, ਕੀ ਹੈ ਪੂਰਾ ਮਾਮਲਾ?

ਚੰਡੀਗੜ੍ਹ, 07 ਅਕਤੂਬਰ 2023: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ (MP Raghav Chadha) ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦੇ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਰਾਘਵ ਚੱਢਾ ਨੂੰ ਟਾਈਪ-7 ਬੰਗਲਾ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਰਾਜ ਸਭਾ ਸਕੱਤਰੇਤ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਰਾਘਵ ਚੱਢਾ ਨੂੰ ਟਾਈਪ 6 ਬੰਗਲਾ ਅਲਾਟ ਕਰਨ ਦਾ ਹੱਕ ਹੈ ਨਾ ਕਿ ਟਾਈਪ 7 ਬੰਗਲਾ।

ਰਾਘਵ ਚੱਢਾ ਰਾਜ ਸਭਾ ਸਕੱਤਰੇਤ ਦੇ ਨੋਟਿਸ ਦੇ ਖ਼ਿਲਾਫ਼ ਅਦਾਲਤ ਵਿੱਚ ਪਹੁੰਚੇ ਸਨ। ਇਸ ਮਾਮਲੇ ‘ਚ ਪਟਿਆਲਾ ਹਾਊਸ ਕੋਰਟ ਨੇ ਰਾਘਵ ਚੱਢਾ ‘ਤੇ ਬੰਗਲਾ ਖਾਲੀ ਕਰਨ ‘ਤੇ ਲਗਾਈ ਗਈ ਅੰਤਿਮ ਸਟੇਅ ਨੂੰ ਹਟਾ ਦਿੱਤਾ ਹੈ। ਪਟਿਆਲਾ ਹਾਊਸ ਕੋਰਟ ਨੇ ਰਾਘਵ ਚੱਢਾ ਨੂੰ ਬੰਗਲਾ ਖਾਲੀ ਕਰਨ ਲਈ ਕਿਹਾ ਹੈ। ਨਾਲ ਹੀ ਅਦਾਲਤ ਨੇ ਰਾਜ ਸਭਾ ਸਕੱਤਰੇਤ ਦੇ ਬੰਗਲੇ ਨੂੰ ਖਾਲੀ ਕਰਨ ਦੇ ਨੋਟਿਸ ਨੂੰ ਬਰਕਰਾਰ ਰੱਖਿਆ ਹੈ।

ਇਸ ਦੇ ਖ਼ਿਲਾਫ਼ ਰਾਘਵ ਚੱਢਾ ਅਦਾਲਤ ਪਹੁੰਚੇ ਸਨ। ‘ਆਪ’ ਸਾਂਸਦ ਨੇ ਅਦਾਲਤ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਸੰਸਦ ਦੇ ਕਾਰਜਕਾਲ ‘ਚ ਅਜੇ ਚਾਰ ਸਾਲ ਤੋਂ ਜ਼ਿਆਦਾ ਸਮਾਂ ਬਚਿਆ ਹੈ। ਅਜਿਹੇ ‘ਚ ਉਨ੍ਹਾਂ ਨੂੰ ਬੰਗਲੇ ‘ਚ ਰਹਿਣ ਦਾ ਅਧਿਕਾਰ ਹੈ। ਹਾਲਾਂਕਿ ਅਦਾਲਤ ਨੇ ਉਸ ਦੇ ਦਾਅਵੇ ਨੂੰ ਰੱਦ ਕਰ ਦਿੱਤਾ।

ਅਦਾਲਤ ਦੇ ਹੁਕਮਾਂ ਤੋਂ ਬਾਅਦ ਰਾਘਵ ਚੱਢਾ (MP Raghav Chadha) ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਦੇ 70 ਸਾਲਾਂ ਤੋਂ ਵੱਧ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਰਾਜ ਸਭਾ ਮੈਂਬਰ ਨੂੰ ਉਸ ਦੇ ਅਲਾਟ ਕੀਤੇ ਨਿਵਾਸ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ‘ਆਪ’ ਸੰਸਦ ਮੈਂਬਰ ਨੇ ਭਾਜਪਾ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਸੰਸਦ ਮੈਂਬਰ ਨੂੰ 3 ਸਤੰਬਰ 2022 ਨੂੰ ਰਾਜ ਸਭਾ ਕੋਟੇ ਤੋਂ ਪੰਡਾਰਾ ਰੋਡ ‘ਤੇ ਟਾਈਪ-7 ਬੰਗਲਾ ਨੰਬਰ ਏਬੀ-5 ਅਲਾਟ ਕੀਤਾ ਗਿਆ ਸੀ। ਰਾਘਵ ਚੱਢਾ 9 ਨਵੰਬਰ 2022 ਨੂੰ ਇਸ ਬੰਗਲੇ ਵਿੱਚ ਸ਼ਿਫਟ ਹੋ ਗਏ ਸਨ।

ਰਾਜ ਸਭਾ ਸਕੱਤਰੇਤ ਨੇ ‘ਆਪ’ ਸਾਂਸਦ ਰਾਘਵ ਚੱਢਾ ਨੂੰ ਟਾਈਪ-7 ਬੰਗਲੇ ਲਈ ਅਯੋਗ ਕਰਾਰ ਦਿੱਤਾ ਸੀ। ਸਕੱਤਰੇਤ ਨੇ ਅਦਾਲਤ ਨੂੰ ਦੱਸਿਆ ਕਿ ਪਹਿਲੀ ਵਾਰ ਚੁਣੇ ਗਏ ਸੰਸਦ ਮੈਂਬਰਾਂ ਨੂੰ ਟਾਈਪ-6 ਬੰਗਲੇ ਅਲਾਟ ਕੀਤੇ ਜਾਂਦੇ ਹਨ। ਟਾਈਪ-7 ਬੰਗਲੇ ‘ਚ ਰਹਿਣ ਦਾ ਅਧਿਕਾਰ ਉਨ੍ਹਾਂ ਸੰਸਦ ਮੈਂਬਰਾਂ ਨੂੰ ਦਿੱਤਾ ਗਿਆ ਹੈ ਜੋ ਸਾਬਕਾ ਕੇਂਦਰੀ ਕੈਬਨਿਟ ਮੰਤਰੀ, ਸਾਬਕਾ ਰਾਜਪਾਲ, ਸਾਬਕਾ ਮੁੱਖ ਮੰਤਰੀ ਜਾਂ ਸਾਬਕਾ ਲੋਕ ਸਭਾ ਸਪੀਕਰ ਰਹਿ ਚੁੱਕੇ ਹੋਣ । ਭਾਜਪਾ ਦੇ ਸੰਸਦ ਮੈਂਬਰ ਰਾਧਾ ਮੋਹਨ ਦਾਸ ਨੂੰ ਵੀ ਟਾਈਪ-7 ਬੰਗਲੇ ਤੋਂ ਟਾਈਪ-5 ਬੰਗਲੇ ਭੇਜ ਦਿੱਤਾ ਗਿਆ।

Scroll to Top